5.
ਗੁਰਬਾਣੀ ਮਨ ਨੂੰ ਵਿਚਾਰ ਦੇਂਦੀ ਹੈ, ਮਨ ਵਿਚਾਰ ਦੇ ਕੰਡੇ ਤੇ ਤੋਲ ਤੋਲ ਕੇ ਲਾਹੇ ਤੇ ਤੋਟੇ ਦੇ ਪਦਾਰਥਾਂ ਦੀ ਸਿਆਣ ਵਿਚ ਆਉਂਦਾ ਹੈ। ਦੂਸਰੇ, ਬਾਣੀ ਦਾ ਅਸਰ ਮਨ ਨੂੰ ਇਕ ਪਾਸੇ ਲਾਉਣ ਦਾ ਹੁੰਦਾ ਹੈ, ਬੇਥਵੇ ਖਿੰਡਾਉ ਤੋਂ ਮਨ ਇਕ ਪਾਸੇ ਵੱਲ ਰੁਖ਼ ਪਕੜਦਾ ਹੈ। ਤੀਸਰੇ ਇਹ ਬਾਣੀ ਸਤਿਗੁਰੂ ਦੇ ਹਿਰਦੇ ਤੋਂ ਆਈ ਹੈ ਤੇ ਉੱਥੇ ਧੁਰੋਂ ਆਈ ਸੀ। ਸੋ ਬੇਮਲੂਮ ਪਾਠਕ ਦੇ ਮਨ ਦਾ ਰੁਖ਼ ਉਧਰ ਨੂੰ ਜਾਂਦਾ ਹੈ। ਗੁਰੂ ਵਾਕ ਹੈ: "ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥” (੯੩੫)
6.
ਫਿਰ ਬਾਣੀ ਨਾਮ ਦੀ ਕੀਮਤ ਦਸਦੀ ਹੈ। ਨਾਮ ਵਲ ਪ੍ਰੇਰਦੀ ਹੈ, ਨਾਮ ਵਿਚ ਲਾਉਂਦੀ ਹੈ। 'ਨਾਮ' ਨਾਲ ਹੁੰਦਾ ਹੈ 'ਨਾਮੀ' ਵਲ ਰੁਖ਼। ਹਾਂ, 'ਨਾਮ' ਨਾਲ ਪਿਆਰ ਪੈਂਦਾ ਹੈ ਉਸ ਨਾਲ ਕਿ 'ਜਿਸਦਾ ਨਾਮ' ਜਪਦੇ ਹਾਂ। ਨਾਮ ਪਿਆਰੇ ਦਾ ਨਾਮ ਹੈ, ਨਾਮ-ਜਪ ਨਾਲ ਪਿਆਰਾ ਯਾਦ ਵਿਚ ਆ ਵੱਸਦਾ ਹੈ। ਯਾਦ ਵਿਚ ਵਸਾਉਣੇ ਨੂੰ ਸਿਮਰਨ ਕਹੀਦਾ ਹੈ। 'ਸਿਮਰਨ' ਅਰਥਾਤ 'ਯਾਦ' ਪਿਆਰੇ ਦਾ ਪ੍ਰੇਮ ਹੈ। ਪ੍ਰੇਮ ਮੇਲਣ ਹਾਰ ਹੈ-ਜੀਵ ਨੂੰ ਈਸ਼ਵਰ ਨਾਲ, ਪ੍ਰੇਮੀ ਨੂੰ ਪਿਆਰੇ ਨਾਲ-ਆਨੰਦ ਸਰੂਪ ਵਾਹਿਗੁਰੂ ਨਾਲ।
7.
ਜਿਵੇਂ ਪਾਣੀ ਸਾਰੀ ਧਰਤੀ ਵਿਚ ਹੈ, ਪਰ ਸਾਰੇ ਧਰਤੀ ਤੇ ਬੈਠੇ ਪਿਆਸ ਨਾਲ ਮਰਦੇ ਹਨ, ਪਿਆਸ ਦਾ ਦੁਖ ਖੂਹ ਤੋਂ ਨਵਿਰਤ ਹੁੰਦਾ ਹੈ। ਇਹ ਇਕ ਸਮਝਣ ਲਈ ਮੈਂ ਮੋਟੀ ਗਲ ਆਖੀ ਹੈ। ਤਿਵੇਂ ਅੰਦਰ ਹੁੰਦੇ ਸੁੰਦੇ ਸਾਈਂ ਦੇ ਜੀਵ ਦੁਖੀ ਹਨ, ਕਾਰਨ ਇਹ ਹੈ ਕਿ ਉਹ ਤਾਂ ਸਾਡੇ ਪਾਸ ਹੈ ਤੇ ਅਸੀਂ ਇਹ ਗੱਲ ਭੁਲਾ ਛੱਡੀ ਹੈ। ਰਬ ਅੰਦਰ ਸਭ ਦੇ ਹੈ ਪਰ ਉਹ ਸਾਡੇ ਚੇਤੇ ਵਿਚ ਨਹੀਂ ਵੱਸ ਰਿਹਾ। ਚੇਤੇ ਵਿਚ ਵੱਸ ਜਾਵੇ ਤਾਂ ਖੂਹ ਖੁੱਟਣ ਵਾਂਙੂ ਗਲ ਹੋ ਜਾਵੇਗੀ ਅਰਥਾਤ ਉਸਦੀ ਸਾਨੂੰ ਪ੍ਰਾਪਤੀ ਦੀ ਸੂਰਤ ਬੱਝ ਜਾਏਗੀ ਫੇਰ ਠੰਢ ਪਵੇਗੀ। ਦੇਖੋ ਸਾਡਾ ਮਨ ਸਦਾ ਬਾਹਰਮੁਖੀ ਰਹਿੰਦਾ ਹੈ, ਸਾਡੇ ਇੰਦ੍ਰੇ ਬਾਹਰ ਨੂੰ ਧਾਉਂਦੇ ਹਨ। ਸੋ ਇੰਦ੍ਰਿਆਂ ਦੇ ਭੋਗਾਂ ਵਲ