ਰੁੱਖ ਨੇ ਅਤੇ ਮਨ ਦੇ ਇਨ੍ਹਾਂ ਇੰਦ੍ਰਿਆਂ ਨੂੰ ਪ੍ਰੇਰਕ ਤੇ ਸਹਾਈ ਹੋਣ ਦੇ ਰੁਖ਼ ਨੇ ਮਨ ਨੂੰ ਬਾਹਰ ਵਲ ਦਾ ਰੌ ਦਿਤਾ ਹੈ ਤੇ ਇਉਂ ਸਾਂਈਂ ਵਲੋਂ ਭੁੱਲ ਪਈ ਰਹਿੰਦੀ ਹੈ। ਇਹ 'ਭੁੱਲ' ਹੈ ਵਿੱਥ ਜੋ ਸਾਡੇ ਤੇ ਸਰਬ ਥਾਂ ਰਵ ਰਹੇ ਨਿਰੰਕਾਰ ਵਿਚ ਪੈ ਰਹੀ ਹੈ। ਭੁੱਲ ਦਾ ਉਲਟ ਹੈ ਯਾਦ। ਯਾਦ ਅੰਦਰ ਵਸਾਈਏ ਤਾਂ ਮਨ ਦਾ ਰੁਖ਼ ਜੋ ਸਦਾ ਬਾਹਰ ਨੂੰ ਹੈ, ਉਸ ਵਿਚ ਅੰਤਰਮੁਖ ਹੋਣ ਦਾ ਗੁਣ ਆਵੇਗਾ। ਮਨ ਜੋ ਸਰੀਰ ਦੀ ਰਖਯਾ ਲਈ, ਸਰੀਰ ਦੀ ਪਾਲਣਾ ਲਈ ਤੇ ਸਰੀਰ ਦੇ ਭੋਗਾਂ ਲਈ ਬਾਹਰ ਨੂੰ ਰੁਖ਼ ਬੰਨ੍ਹੀ ਰਖਦਾ ਹੈ, ਸਾਈਂ ਨੂੰ ਸਿਮਰਨ ਵੇਲੇ ਅਪਣੇ ਅੰਦਰ ਬੀ ਕਿਸੇ ਆਹਰੇ ਲੱਗਣ ਲੱਗ ਜਾਏਗਾ। ਉਹ ਆਹਰ ਕੀ ਹੋਊ? ਨਿਰੰਕਾਰ ਨੂੰ ਯਾਦ ਕਰਨ ਦਾ। ਸੋ ਇਹ ਆਹਰ ਸੋਚੋ ਕੀ ਸੁਭਾਉ ਲਵੇਗਾ?
8.
ਸਵੇਰੇ ਅੰਮ੍ਰਿਤ ਵੇਲੇ ਉਠਕੇ ਸਿਮਰਨ ਕਰੋ। ਇਕ ਪਹਿਰ ਕਰੋ, ਇਕ ਘੜੀ ਕਰੋ, ਅੱਧੀ ਘੜੀ ਕਰੋ, ਅੱਧੀ ਤੋਂ ਅੱਧੀ ਕਰੋ, ਜਿੰਨੀ ਸਰੇ ਕਰੋ। ਦੱਸੋ ਇੰਨਾਂ ਸਮਾਂ ਹਰ ਕੋਈ ਕੱਢ ਸਕਦਾ ਹੈ ਕਿ ਨਹੀਂ? ਫਿਰ ਫੁਰਮਾਉਂਦੇ ਹਨ ਕਿ ਉਠਦੇ ਬਹਿੰਦੇ, ਟੁਰਦੇ ਫਿਰਦੇ ਉਸਦੇ ਨਾਮ ਨੂੰ ਰਸਨਾ ਤੇ ਵਸਾਓ, ਰਸਨਾਂ ਤੋਂ ਨਾਮ ਸਹਿਜੇ ਸਹਿਜੇ ਅਪਣੇ ਆਪ ਮਨ ਵਿਚ ਉਤਰ ਜਾਏਗਾ। ਇਕ ਦ੍ਰਿਸ਼ਟਾਂਤ ਹੈ, ਹੈ ਤਾਂ ਹਾਸੇ ਵਾਂਙੂ ਪਰ ਸਮਝਣ ਲਈ ਚੰਗਾ ਦ੍ਰਿਸ਼ਟਾਂਤ ਹੈ ਕਿ ਜਿਵੇਂ ਜੀਭ ਤੇ ਰੱਖੀ ਰੋਟੀ ਦੀ ਗ੍ਰਾਹੀ ਚਿਥਦਿਆਂ ਚਿਥਦਿਆਂ ਆਪੇ ਹੇਠਾਂ ਉਤਰ ਜਾਂਦੀ ਹੈ, ਕਿਸੇ ਲਕੜੀ ਕਿ ਉਂਗਲੀ ਨਾਲ ਹੇਠਾਂ ਨਹੀਂ ਧੱਕੀਦੀ, ਤਿਵੇਂ ਨਾਮ ਰਸਨਾ ਤੋਂ ਆਪੇ ਮਨ ਵਿਚ ਵਸ ਜਾਂਦਾ ਹੈ। ਜਿਵੇਂ ਅੰਦਰ ਲੰਘ ਗਏ ਅੰਨ ਤੋਂ ਸਾਡੇ ਕੁੱਵਤ ਗ਼ੈਰ ਇਰਾਦੀ ਵਾਲੇ (= ਅੰਦਰਲੇ ਬੇਖ਼ਬਰੀ ਚੇਤਨਾ ਵਾਲੇ) ਮਨ ਨੇ ਉਸਤੋਂ ਹੀ ਅੰਗ ਪ੍ਰਤਿ ਅੰਗ ਸਰੀਰ ਦੇ ਸਾਰੇ ਸਾਮਾਨ ਬਣਾ ਕੱਢਣੇ ਹਨ, ਤਿਵੇਂ ਰਸਨਾ ਤੇ ਸਦਾ ਵਸਾਇਆ ਨਾਮ ਮਨ ਵਿਚ ਲਹਿ ਜਾਏਗਾ। ਮਨ ਵਿਚ ਜਾਕੇ ਮਨ ਦਾ ਸਿਮਰਨ (ਯਾਦ) ਬਣ ਜਾਏਗਾ। ਯਾਦ 'ਪਿਆਰ ਭਾਵ' ਬਣ ਜਾਏਗਾ, ਇਹ 'ਭਾਵ' ਮੇਲ ਵਿਚ ਰੱਖੇਗਾ।