1. ਮਿੱਟੀ ਨੂੰ ਸਾਬਣ ਨਾਲ ਨਾ ਧੋਇਆ ਕਰ, ਮਿੱਟੀ ਦਾ ਕੁਛ ਨਹੀਂ ਧੋਪਦਾ। ਕਾਇਆਂ ਮਿੱਟੀ ਨੂੰ ਮਾਂਜਣ ਵਾਲੇ ਹਾਰ ਜਾਂਦੇ ਹਨ। ਤੂੰ ਮਿੱਟੀ ਦੇ ਛਲਾਂ ਦਾ ਜਾਣੂੰ ਹੋ ਤੇ ਕਾਬੂ ਪਾ ਤੇ ਜਾਣੂੰ ਹੋਣ ਲਈ ਤੇ ਕਾਬੂ ਪਾਉਣ ਲਈ ਨਾਮ ਦਾ ਵਿਸਾਰਾ ਨਾਂ ਕੀਤਾ ਕਰ ਤੇ ਚਿੱਤ ਕਰਤਾਰ ਦੀ ਚਰਨ ਸ਼ਰਨ ਪਿਆਰ ਨਾਲ ਰੱਖਿਆ ਕਰ।
2. ਚਿਤ ਚਰਨ ਸ਼ਰਨ ਰੱਖਣ ਦਾ ਜ਼ੇਰ ਨਹੀਂ ਲਾਈਦਾ, ਸਹਿ-ਸੁਭਾ ਸਾਵਧਾਨਤਾ ਨਾਲ ਲਾਈਦਾ ਹੈ, ਘਬਰਾਈਦਾ ਨਹੀਂ, ਭਰੋਸਾ ਰੱਖੀਦਾ ਹੈ। ਜਦ ਭੁੱਖ ਹੈ, ਦੁੱਖ ਹੈ, ਲੋੜ ਹੈ, ਮੁਸੀਬਤ ਹੈ ਤਦੋਂ ਨਾਮ ਨਾ ਛੱਡਿਆ ਕਰ। ਸ਼ਰਨ ਵੱਸਿਆਂ ਤੇ ਚਰਨ ਗਹੁ ਕਰ ਫੜੀ ਰੱਖਿਆ ਕਰ, ਧੀਰਜ ਧਾਰ ਕੇ ਘਾਬਰਿਆ ਨਾ ਕਰ। ਘਬਰਾ ਬੀ ਤ੍ਰਿਸ਼ਨਾ ਹੈ, ਕਰਤਾਰ ਆਪ ਸਹਾਈ ਹੋਵੇਗਾ। ਜਿਸ ਦੀ ਸ਼ਰਨ ਹਾਂ ਉਹ ਸਾਡਾ ਪਾਲਕ, ਦੁਖ ਹਰਤਾ ਹੈ। ਬਸ! ਹੁਣ ਇਹ ਕਾਬੂ ਪਾ ਕਿ ਕਿਸੇ ਹਾਲ ਘਬਰਾਉਣਾ ਨਹੀਂ, ਇਸ ਨਾਲ ਲਿਵ ਟੁੱਟ ਜਾਂਦੀ ਹੈ, ਅੰਦਰਲੇ ਨੂੰ ਜੋ ਚਰਨ ਸ਼ਰਨ ਰੱਖੀਦਾ ਹੈ, ਉਹ ਤਾਰ ਟੁੱਟ ਜਾਂਦੀ ਹੈ, ਫੇਰ ਮਨ ਦੇ ਮੰਡਲ ਵਿੱਚ ਤਾਂ ਸੋਚਾਂ ਹੀ ਸੋਚਾਂ ਹਨ ਤੇ ਝਗੜੇ ਹੀ ਝਗੜੇ ਹਨ, ਕੱਲਯਾਨ ਤਾਂ ਪਾਰ ਪਾਰ ਹੈ, ਲਿਵ ਵਿਚ।
ਮਰਦਾਨਿਆਂ! ਸਿਮਰਨ ਨਾ ਹਿੱਲੇ, ਧਯਾਨ ਨਾ ਡੋਲੇ, ਤੂੰ ਵਡਭਾਗ ਹੈਂ, ਤੇਰੇ ਤੇ ਮਿਹਰਾਮਤ ਹੋਈ ਹੈ ਆਪਾ ਦੇਖਣ ਦੀ, ਹੁਣ ਹੋਣੀ ਹੈ ਆਪਾ ਵੱਸ ਕਰਨ ਦੀ।
77.
ਅੰਦਰਲੇ ਨੂੰ ਚਰਨ ਸ਼ਰਨ ਰੱਖੋ, ਸ਼ਰਨ ਸੰਭਾਲੋ, ਸ਼ਰਨ ਤੋਂ ਦੂਰ ਨਾ ਜਾਓ। ਸ਼ਰਨ ਦਾ ਅਭਯਾਸ ਨਾਮ ਹੈ, ਨਿਰੰਤਰ ਨਾਮ ਵਿਚ ਵੱਸੋ, ਨਾਮ ਸਭ ਸੋਝੀਆਂ ਤੇ ਬਲ ਬਖਸ਼ੇਗਾ। ਸ਼ਰਨ ਵਿਚ ਵੱਸੋ, ਸਦਾ ਸ਼ਰਨ ਦੀ ਓਟ ਰਹੇ। ਸ਼ਰਨ ਦੇ ਆਸਰੇ ਆਪਾ ਆਪੇ ਨੂੰ ਚੀਨਦਾ ਹੈ, ਸ਼ਰਨ ਦੇ ਆਸਰੇ ਆਪਾ ਆਪੇ ਤੇ ਵਸੀਕਾਰ ਪਾਉਂਦਾ ਹੈ, ਸ਼ਰਨ ਦੇ ਆਸਰੇ ਆਪਾ ਸੁਤੰਤਰ ਹੋਕੇ ਸ਼ਰਨ ਵਿਚ ਸਮਾਈ ਪ੍ਰਾਪਤ ਕਰਦਾ ਹੈ, ਸ਼ਰਨ ਦੀ ਪ੍ਰਾਪਤੀ ਨਾਮ ਹੈ, ਨਾਮ ਕਦੇ ਨਾ ਭੁੱਲੋ।