78.
ਜਿਵੇਂ ਧਰਤੀ ਵਾਹੀ ਤੇ ਸੁਹਾਗੇ ਨਾਲ ਭੰਨੀ ਸਾਧੀ ਦੀ ਹੈ ਤਿਵੇਂ ਇਹ ਕਾਯਾਂ ਭਲੇ ਕਰਮਾਂ (ਪੁੰਨ ਦਾਨ ਕਰਨ) ਤੇ ਸੱਚ ਬੋਲਣ ਤੇ ਸੱਚ ਧਾਰਨ ਨਾਲ ਸਾਧੀਦੀ ਹੈ। ਇਸ ਸਾਧੀ ਹੋਈ ਧਰਤੀ ਵਿਚ ਫੇਰ ਉਸ ਸੱਚੇ ਦੇ ਸਤਿਨਾਮ ਨੂੰ ਬੀਜੀਦਾ ਹੈ। ਇਹ ਬੀਉ ਫੇਰ ਮੇਲਦਾ ਹੈ ਅੰਦਰ ਆਪਣੇ, ਫੇਰ ਅੰਦਰਲਾ ਤੀਰਥ ਰੂਪ ਹੋ ਜਾਂਦਾ ਹੈ ਤੇ ਇਸ ਜੀਵ ਦਾ ਉਸ ਤੀਰਥ ਤੇ ਨਿਵਾਸ ਹੋ ਜਾਂਦਾ ਹੈ। ਇਹ ਸੱਚ ਅੰਦਰ ਵਸਦੇ ਸੁਭਾਉ ਵਿਚ ਵਸਦੇ ਦੇ ਸਰੀਰ ਦੇ ਅੰਗਾਂ ਵਿਚ ਵਸਦੇ ਸਾਰੇ ਪਾਪਾਂ ਨੂੰ ਸੋਧਕੇ ਕੱਢ ਦੇਂਦਾ ਹੈ।
79.
ਸੌ ਮਨਾਂ! ਨਾ ਕਰ ਨਫ਼ਰਤ ਕਿਸੇ ਨਾਲ। ਨਫ਼ਰਤ ਕੀਤਿਆਂ ਨਫ਼ਰਤ ਆਪਣੇ ਅੰਦਰ ਵਸਦੀ ਹੈ, ਨਫ਼ਰਤ ਖ਼ਸਲਤ ਸ਼ੈਤਾਨੀ ਹੈ, ਸੋ ਨਫ਼ਰਤ ਕਰਨ ਨਾਲ ਸ਼ੈਤਾਨ ਅੰਦਰ ਆ ਵਸਦਾ ਹੈ। ਫੇਰ ਜਿਥੇ ਨਫ਼ਰਤ ਉਥੇ ਖੁਦਾ ਕਿੱਥੇ? ਖ਼ਬਰੇ ਤਦੇ ਘਾਲ ਥਾਂ ਨਹੀਂ ਪੈਂਦੀ।
80.
ਪਿਛਲੀ ਰਾਤ ਤਾਂ ਤੁਸਾਡਾ ਜਾਗਣਾ ਇਕ ਜ਼ੁਹਦ ਮਾਤ੍ਰ ਹੈ। ਅਸਾਂ ਇਸਨੂੰ ਅੰਮ੍ਰਿਤ ਵੇਲਾ ਨਾਉਂ ਦਿੱਤਾ ਹੈ, ਇਹ ਸੁਆਦ ਦਾ ਵੇਲਾ ਹੈ। ਸਾਡੇ ਗੁਰਮੁਖ ਬਨਾਉਟੀ ਯਾ ਜ਼ੋਰ ਦੇ ਹਠ ਤਪ ਨਹੀਂ ਕਰਦੇ, ਉਨ੍ਹਾਂ ਦੇ 'ਹਠ ਤਪ' ਪਯਾਰ ਦੇ ਸਹਜ ਵਿਚ ਹੁੰਦੇ ਹਨ। ਓਹ ਪਯਾਰ ਵਿਚ ਉਠਦੇ, ਕੀਰਤਨ ਕਰਦੇ ਤੇ ਸਾਈਂ ਦੀ ਯਾਦ ਵਿਚ ਖੁਸ਼ ਥੀਂਦੇ ਹਨ, ਉਹ ਰਸ ਮਾਣਦੇ ਹਨ ਉਸ ਦੀ ਯਾਦ ਦਾ, ਉਸ ਦੀ ਸਿਫ਼ਤ ਸਲਾਹ ਦਾ, ਇਸ ਕਰਕੇ ਉਨ੍ਹਾਂ ਲਈ ਉਹ ਅੰਮ੍ਰਿਤ ਵੇਲਾ ਹੈ। ਪਰ ਉਞ ਭਜਨ ਦੇ ਸੱਭੇ ਵੇਲੇ ਹਨ ਤੇ ਖ਼ਾਲਕ ਨੂੰ ਹਰ ਵੇਲੇ ਹੁਲਾਸ ਵਿਚ ਚੇਤੇ ਕਰਨਾ ਚਾਹੀਦਾ ਹੈ।
81.
ਸਰੀਰ ਨੂੰ ਪਰਾਲਬਧ ਤੇ ਛੱਡੇ, ਮਨ ਨੂੰ ਨੱਥਕੇ ਟੁਰੇ।
ਜੋ ਜੋ ਕੁਛ ਪੜ੍ਹੀਏ ਤੇ ਫੇਰ ਵਿਚਾਰੀਏ ਤੇ ਉਸ ਪਰ ਟੁਰੀਏ ਤਾਂ ਆਪਾ