ਵਿਚ ਸੌਂ ਰਿਹਾ ਹੈ, ਮਰਨ ਤੁੱਲ ਨੀਂਦ ਵਿਚ ਹੈ, ਇਸਦਾ ਜਾਗ ਉੱਠਣਾ ਤੇ ਉਸ ਜਾਗ ਵਿਚ ਫਿਰ ਜਾਗਦੇ ਰਹਿਣਾ ਨਾਮ ਹੈ। ਸਰੀਰ ਦੀ ਨੀਂਦ ਕਿ ਜਾਗ ਕੋਈ ਅਰਥ ਨਹੀਂ ਰੱਖਦੀ। ਮਨ 'ਮਾਇਆ ਬਿਸਮਾਦ' ਦੀ ਮੂਰਛਾ ਤੋਂ ਉੱਠਕੇ 'ਆਤਮ ਵਿਸਮਾਦ' ਦੀ ਜਾਗ੍ਰਤ ਵਿਚ ਆਕੇ ਇਕ ਰੱਬੀ ਜੀਵਨ ਦੀ ਰੌ ਵਿਚ ਵੱਸਦਾ ਹੈ, ਪਰੰਤੂ ਅਰੰਭ ਤਾਂ 'ਜੀਭ ਦੇ ਨਾਮ ਜਪਣ ਤੋਂ ਹੀ ਹੁੰਦਾ ਹੈ।
ਨਾਮ ਤੋਂ ਪਹਿਲਾਂ ਨਾਮੀ ਦਾ ਥਹੁ ਪਤਾ ਸੁਣੀਂਦਾ ਹੈ। ਪਹਿਲਾਂ 'ਨਾਮੀ' ਹੈ ਫੇਰ 'ਨਾਮ' ਹੈ, ਫੇਰ 'ਨਾਮੀ' ਹੈ। ਆਦਿ ਤੇ ਅੰਤ ਨਾਮੀ ਹੈ ਵਿਚ ਨਾਮ ਹੈ। ਪਹਿਲਾਂ ਨਾਮੀ ਦੇ ਗੁਣ ਸੁਣੀਂਦੇ ਹਨ-ਕਿ ਉਹ ਪਿਆਰ ਕਰਦਾ ਹੈ, ਪਾਲਦਾ ਹੈ, ਮੱਤ ਦੇਂਦਾ ਹੈ, ਆਪਣੇ ਨਾਲ ਰੱਖਣਾ ਲੋਚਦਾ ਹੈ, ਉਹ ਸਦਾ ਹੈ, ਉਸ ਨਾਲ ਮਿਲਕੇ ਅਸੀਂ ਸਦਾ ਸੁਖੀ ਹੋ ਸਕਦੇ ਹਾਂ। ਉਸ ਵਿਚ ਅੱਪੜਨਾ ਸਾਡੇ ਜੀਵਨ ਦਾ ਪ੍ਰਯੋਜਨ ਹੈ। ਜੀਉਂਦੇ ਜੀ ਉਸ ਦੇ ਨਾਲ ਹੋ ਜਾਣਾ ਤੇ ਨਾਲ ਵੱਸਣਾ ਸਾਡਾ ਪਰਮਾਰਥ ਹੈ। ਪਰ ਹਾਂ ਅਸੀਂ ਦੁਖੀ। ਇਹ ਦੁੱਖ ਨਾਮੀ ਤੋਂ ਵਿੱਛੁੜੇ ਰਹਿਣ ਕਰਕੇ ਹੈ। ਹਰ ਪ੍ਰਾਣੀ ਨੂੰ ਇਹ ਇੱਛਾ ਹੈ ਤੇ ਜਿਸ ਲਈ ਸਾਰੇ ਜਤਨ ਕਰਦੇ ਹਨ ਕਿ ਸੁਖੀ ਹੋਈਏ ਪਰ ਮਾਇਆ ਵਿਚ ਸੁਖ ਨੂੰ ਭਾਲਣ ਕਰਕੇ ਸਾਰੇ ਦੁਖੀ ਹੀ ਰਹਿੰਦੇ ਹਨ, ਕਿਉਂਕਿ ਮਾਇਆ ਪਰਮੇਸ਼ੁਰ ਤੋਂ ਉਲਟ ਭੁਲਾਵੇ ਦਾ ਨਾਮ ਹੈ, ਮਾਇਆ ਪਰਮੇਸ਼ੁਰ ਤੇ ਸਾਡੇ ਵਿਚ 'ਵਿੱਥ' ਦਾ ਨਾਮ ਹੈ ਤੇ ਸਦਾ ਸੁਖ ਹੈ ਉਸ ਨਾਲ ਮੇਲ ਵਿੱਚ। ਸੋ ਜੇ ਸਦਾ ਸੁਖ ਦੀ ਇੱਛਾ ਹੋਵੇ ਤਾਂ ਆਦਮੀ ਮਾਇਆ ਤੋਂ ਉੱਠਣ ਤੇ ਨਾਮੀ ਵਿਚ ਜਾਣ ਦੀ ਇੱਛਾ ਕਰਦਾ ਹੈ। ਜੋ ਐਸੀ ਇੱਛਾ ਕਰੇ, ਉਹ ਨਾਮੀ ਦੇ ਗੁਣ, ਸਿਫ਼ਤ ਸਰੂਪ ਲਛਣਾਂ ਦਾ ਹਾਲ ਸਮਝਦਾ ਹੈ। ਸਮਝਦਾ ਸੁਣਦਾ ਇਸ ਲਈ ਹੈ ਕਿ ਦੇਖ ਤਾਂ ਉਸਨੂੰ ਸਕਦਾ ਨਹੀਂ, ਕਿਉਂਕਿ ਉਹ ਅਗੋਚਰ ਹੈ, ਤਾਂਤੇ ਇਕ ਖਿਆਲ ਬਨਾਉਂਦਾ ਹੈ ਨਾਮੀ ਦੇ ਸਰੂਪ ਤੇ ਗੁਣਾਂ ਦਾ। ਆਪਣੇ ਆਪ ਇਕ ਧਵਾ ਬੰਨ੍ਹਦਾ ਹੈ ਨਾਮੀ ਦਾ ਤੇ ਪ੍ਰਯੋਜਨ ਬਣਾਉਂਦਾ ਹੈ ਨਾਮ ਵਿਚ ਧਿਆਨ ਲਾ ਲੈਣ ਦਾ।