111.
ਜਦ ਨਾਮ ਦੇ ਅਰਥ ਵਲ ਪਹਿਲਾਂ ਭਾਵਨਾ ਹੀ ਨਹੀਂ ਧਾਰੀ ਤਾਂ ਦੱਸੋ ਕਿਸਦਾ ਨਾਮ ਜਪਦੇ ਹੋ? ਪਹਿਲਾਂ ਪਰਮੇਸ਼ੁਰ ਵਿਚ ਭਾਵਨਾ ਧਾਰੋ, ਫੇਰ ਨਾਮ ਜਪੋ ਇਹ ਜਾਣਕੇ ਕਿ ਇਹ ਨਾਮ ਉਸ ਮਾਲਕ ਪਾਲਕ ਦਾ ਹੈ। ਜਪਦਿਆਂ ਇਸ ਕੋਸ਼ਸ਼ ਵਿਚ ਰਹੇ ਕਿ 'ਹਾਜ਼ਰਾ ਹਜ਼ੂਰ' ਦੀ ਹਜ਼ੂਰੀ' ਵਿਚ ਯਕੀਨ ਕਰਕੇ ਨਾਮ ਜਪ ਰਹੇ ਹਾਂ। ਲਗਾਤਾਰ ਨਾਮ ਇਸੇ ਕਰਕੇ ਜਪੀਦਾ ਹੈ ਕਿ ਸਰੀਰਕ ਠੁਹਕਰ ਦਾ ਅਕਸ ਮਾਨਸਕ ਮੰਡਲ ਤੇ ਪੈਕੇ ਮਾਨਸਕ ਮੰਡਲ ਈਸ਼੍ਵਰ ਧਯਾਨੀ ਹੋ ਜਾਵੇ। ਇਸ ਤਰ੍ਹਾਂ ਫਿਰ ਨਾਮ ਮਾਨਸਕ ਮੰਡਲ ਤੋਂ ਉੱਚਾ ਹੋਕੇ 'ਆਤਮ ਮੰਡਲ' ਵਿਚ ਲੈ ਜਾਂਦਾ ਹੈ ਤੇ ਫੇਰ 'ਨਾਮੀ' ਦੇ ਦੁਆਰੇ ਜਾ ਪਹੁੰਚੀਦਾ ਹੈ।
112.
ਉਹ ਦਿਲ ਮੁਰਦਾ ਹੈ, ਜਿਸ ਵਿਚ ਸਿਫ਼ਤ ਸਲਾਹ ਦਾ ਰੁਮਕਾ ਨਹੀਂ ਫਿਰਦਾ। ਜ਼ਿਮੀਂ, ਅਸਮਾਨ, ਤਾਰੇ, ਚੰਦ, ਸੂਰਜ, ਪਾਣੀ, ਪੌਣ ਸਭ ਸਿਫ਼ਤ ਸਲਾਹ ਵਿਚ ਲੈ ਜਾਂਦੇ ਹਨ, ਜੇ ਇਹ ਨਾ ਲੈ ਜਾਣ ਤਦ ਮਨ ਮਰਿਆ ਜਾਣੋ।
113.
ਬਾਣੀ ਮਨ ਵਿਚ ਨਾਮ ਦੀ ਮਹਿਮਾ ਦ੍ਰਿੜ੍ਹ ਕਰਦੀ ਹੈ। ਬਾਣੀ ਨਾਮ ਦੀ ਗੋਦ ਹੈ।
114.
ਪੜ੍ਹਿਆ ਹੁੱਜਤੀ ਬਹੁਤ ਹੁੰਦਾ ਹੈ, ਯਾਦ ਰੱਖ ਪਰਮੇਸ਼ਰ ਦੇ ਦੇਸ਼ ਗੱਲਾਂ ਤੇ ਹੁੱਜਤਾਂ ਨਾਲ ਨਹੀਂ ਜਾ ਹੁੰਦਾ। ਅਕਲ ਦੀਵਾ ਹੈ, ਚਾਨਣ ਹੈ, ਜੋ ਇਸ ਨੂੰ ਠੀਕ ਤਰ੍ਹਾਂ ਵਰਤੋ ਤਾਂ। ਇਸ ਨਾਲ ਸਾਹਿਬ ਦੀ ਸੇਵਾ ਕਰੀਦੀ ਹੈ। ਸ੍ਵੱਛ ਅਕਲ ਤੇ ਪ੍ਰਯੋਜਨ ਨੂੰ ਲੱਭਣ ਵਾਲੀ ਵਿੱਦਯਾ ਸਹਾਇਕ ਹਨ ਨਾਮ ਦੀਆਂ, ਹਾਂ, ਨਿਰੰਕਾਰ ਦੇ ਦੇਸ਼ ਨਾਮ ਅਭਯਾਸ ਦੀ ਕਰਨੀ ਨਾਲ ਜਾਈਦਾ ਹੈ। ਨਿਰੀ ਵਿੱਦਯਾ ਨਾਲ ਸਮਝ ਵਿੱਚ ਤਾਂ ਕੁਛ ਆ ਜਾਂਦਾ ਹੈ ਪਰ ਧਯਾਨ ਮਾਯਾ ਤੋਂ ਨਹੀਂ ਉਠਦਾ। ਮਾਯਾ ਤੋਂ ਮਨ ਦਾ ਧਯਾਨ ਨਾਮ ਨਾਲ ਉਠਦਾ ਹੈ।