115.
ਹਾ ਹਾ...ਭਗਤੀ ਕਠਨ ਹੈ, ਪੂਜਨ ਔਖਾ ਹੈ, ਜੀਵਨ ਨੂੰ ਸਭ ਪਾਸਿਓ ਪਵਿਤ੍ਰ ਰੱਖਕੇ ਪੂਜਾ ਭਾਵ ਵਿਚ ਰਹਿਣਾ ਕਰੜਾ ਹੈ।
116.
ਸੁਣ ਬੀਬਾ! ਸ਼ਹੁ ਤੇਰੇ ਅੰਦਰ ਹੈ, ਉਹ ਵਿਆਪਕ ਹੈ, ਇਕ ਦੇਸ਼ੀ ਨਹੀਂ, ਉਹ ਸਰਬ ਦੇਸ਼ੀ ਹੈ। ਤੇਰੇ ਨੇੜੇ ਹੈ, ਅੰਦਰ ਹੈ, ਹਾਜ਼ਰਾ ਹਜ਼ੂਰ ਹੈ। ਉਸ ਵਿਚ ਭਰੋਸਾ ਧਾਰ; ਜਦ ਉਸਦੀ ਹੋਂਦ ਤੇ ਭਰੋਸਾ ਹੋ ਗਿਆ ਤਾਂ ਫੇਰ ਉਸ ਨੂੰ ਯਾਦ ਰੱਖ। ਜੇ ਇਹ ਗੱਲ ਭੁੱਲ ਗਈ ਕਿ ਉਹ ਮੇਰੇ ਅੰਦਰ ਹੈ ਤਾਂ ਫੇਰ ਵਿਛੁੜ ਗਈ ਤੂੰ ਉਸ ਤੋਂ। ਉਹ ਹੈ, ਉਹ ਪਿਆਰਾ ਹੈ, ਮੇਰਾ ਪਿਆਰਾ ਹੈ, ਇਹ ਗਲ ਅੰਦਰ ਟਿਕੀ ਰਹੇ, ਇਸ ਅਗੇ ਧੁਰ ਦਾ ਪਰਦਾ ਨਾ ਤਣੇ, ਇਉਂ ਜੋ ਠਾਕੁਰ ਕਿ ਅੰਦਰ ਪ੍ਰਾਪਤ ਹੈ ਉਸਦੀ ਹਜ਼ੂਰੀ ਵਿਚ ਰਹੁ, ਉਸ ਦੀ ਹੋਂਦ ਦੀ ਯਾਦ ਵਿਚ ਰਹੁ। ਫੇਰ ਜੋ ਕੁਛ ਵਾਪਰੇ ਉਸਦਾ ਕੀਤਾ ਸਮਝ, ਉਸ ਨੂੰ ਭਲਾ ਕਰਕੇ ਮੰਨ। ਜਦ ਐਸਾ ਦ੍ਰਿੜ ਨਿਸਚਾ ਹੋ ਜਾਏਗਾ, ਅਵਗੁਣ ਦੂਰ ਰਹਿਣਗੇ ਤਾਂ ਉਹ ਆਪ ਤੇਰੀ ਰਹਿਬਰੀ ਕਰੇਗਾ ਕਿ ਜੋ ਤੇਰੇ ਅੰਦਰ ਸੀ ਹੈ ਤੇ ਹੋਵੇਗਾ ਸਦਾ। ਪੂਜਨ ਉਸਦਾ ਇਹ ਹੈ ਕਿ ਉਸਨੂੰ ਤੂੰ ਪ੍ਰੇਮ ਪਦਾਰਥ ਨਾਲ ਸਦਾ ਚੇਤੇ ਵਿਚ ਰੱਖਣਾ ਹੈ। ਹੁਣ ਉਹ ਤੇਰੀ ਅਗੁਵਾਨੀ ਕਰੇਗਾ, ਜੋ ਕਹੇ ਸੋ ਕਰਨਾ, ਉਸਦੀ ਰਜ਼ਾ ਵਿਚ ਮਰਜ਼ੀ ਮੇਲਣੀ। ਹਾਂ, ਸ਼ਹੁ ਕਹੇ ਸੋ ਕਰਨਾ, ਆਪਣੀ ਮਰਜ਼ੀ ਨਹੀਂ ਮਨਾਉਣੀ, ਉਸ ਦੀ ਰਜ਼ਾ ਵਿਚ ਮਰਜ਼ੀ ਮੇਲਣੀ।
117.
ਪਿਆਰ ਅਮੋਲਕ ਸ਼ੈ ਹੈ ਇਸ ਨੂੰ ਅਮੋਲਕ ਥਾਵੇਂ ਲਾਈਏ ਤਾਂ ਇਸ ਦਾ ਮੁੱਲ ਪੈਂਦਾ ਹੈ। ਬਿਨਸਨ ਹਾਰ ਨਾਲ ਕਰੋ ਤਾਂ ਉਹ ਬਿਨਸੇਗਾ, ਮਨ ਤਦ ਪਛੋਤਾਉ ਵਿਚ ਜਾਵੇਗਾ।
118.
ਦਾਤਾ, ਦਾਤਾ, ਦਾਤਾ! ਮੇਰੇ ਮਨ ਨੂੰ ਕੋਈ ਆਹਰ ਦਿਓ। ਨਿਰਾ ਗਿਆਨ ਵੀਚਾਰ, ਜੋ ਅਰੂਪ ਜਿਹਾ ਜਾਪਦਾ ਹੈ, ਮਨ ਹਰ ਵੇਲੇ ਕੀਕੂੰ ਫੜਕੇ ਰਖੇਗਾ? ਇਹ ਪੈ ਜਾਇਆ ਕਰੇਗਾ ਫੇਰ ਫੁਰਨਿਆਂ ਦੇ ਰਾਹ।