119.
'ਵਾਹਿਗੁਰੂ ਅੰਦਰ ਹੈ, ਸਾਡੇ ਨੇੜੇ ਤੋਂ ਨੇੜੇ ਹੈ ਇਹ ਗੱਲ ਕਿਸੇ ਵੇਲੇ ਭੁੱਲ ਵਿਚ ਨਹੀਂ ਪਾਉਣੀ। ਯਾਦ ਰਖਣਾ ਮਨ ਦਾ ਇਕ ਕਰਮ ਵਾਂਙੂ ਕੰਮ ਹੈ, ਜੇ ਮਨ ਇਸ ਯਾਦ ਨੂੰ ਸੰਸਾਰਕ ਫੁਰਨਿਆਂ ਵਿਚ ਰਲਾ ਦੇਵੇ ਤਾਂ ਰਸਨਾਂ ਉਤੇ ਪਰਮੇਸ਼ੁਰ ਦਾ ਨਾਮ ਵਸਾਓ। ਰਸਨਾ ਜਪ ਕਰੇ ਨਾਮ ਦਾ, ਮਨ ਲਾਵੇ ਆਪ ਨੂੰ ਸਾਈਂ ਉਤੇ, ਉਸ ਦੇ ਪਿਆਰ, ਉਸਦੇ ਗੁਣਾਂ ਉਤੇ, ਉਸਦੇ ਸਰੂਪ ਉਤੇ। ਮਨ ਦਾ ਇਹ ਕਰਮ ਨਾਮ ਸਿਮਰਣ ਹੈ।
120.
ਨਾਮ ਜਪਣ ਵਾਲਾ ਨਾਮੀ-ਨਿਰੰਕਾਰ ਨਾਲ ਮਿਲਿਆ ਰਹਿੰਦਾ ਹੈ। ਇਸ ਮੇਲ ਵਿਚੋਂ ਫੇਰ ਰਸ ਆਉਂਦਾ ਹੈ, ਆਨੰਦ ਮਿਲਦਾ ਹੈ। ਫਿਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਨਾਮ ਦਾ ਆਖਣਾ ਜੀਵਨ ਬਣ ਜਾਂਦਾ ਹੈ ਸਾਡੇ ਜੀਵਨ ਦਾ।
121.
ਹੇ ਜੋਤ ਨਿਰੰਜਨੀ! ਮੈਂ ਮੁੱਢ ਤੋਂ ਭੁੱਲਾ ਤੇਰੇ ਘਰ ਦਾ ਮਿਰਾਸੀ, ਕਿਸੇ ਗੁਣ ਤੇ ਗੱਲ ਜੋਗਾ ਨਹੀਂ, ਸਦਾ ਤੋਂ ਤੂੰ ਆਪਣਾ ਆਪੇ ਹੀ ਜਾਣਿਆ ਤੇ ਲੜ ਲਾਇਆ, ਆਪ ਹੀ ਨਿਵਾਜਿਆ ਤੇ ਨਾਲ ਰਖਿਆ, ਮੈਂ ਫੇਰ ਭੀ ਭੁੱਲਾ, ਪਰ ਤੂੰ ਸਦਾ ਬਖਸ਼ਿਆ। ਮੈਂ ਪੈਰ ਪੈਰ ਤੇ ਸਿਦਕ ਦੀ ਪੌੜੀਓਂ ਤਿਲਕਿਆ, ਮੈਂ ਦੁੱਖ ਭੁੱਖ ਦਾ ਮਾਰਿਆ ਡਡਿਆਇਆ, ਪਰ ਤੂੰ ਸਦਾ ਬਾਂਹ ਫੜੀ ਤੇ ਲਡਿਆਇਆ, ਹੇ ਆਪੇ ਪਸੀਜਣ ਵਾਲੇ ਸਤਿਗੁਰੂ! ਹੇ ਸਾਡੇ ਦੁੱਖ ਦੇਖਕੇ ਸਚਖੰਡ ਤੋਂ ਆਪ ਆ ਕੇ ਤਾਰਨ ਹਾਰੇ ਜਯੋਤੀ ਸੁਰੂਪ! ਹੇ ਸਦਾ ਮੇਲਣ ਵਾਲੇ ਬਖਸ਼ਿੰਦ ਦਾਤਿਆ! ਮੈਂ ਔਗੁਣਹਾਰ ਨੂੰ ਚਰਨੀ ਲਾਈ ਰੱਖ ਤੇ ਆਪਣੇ ਤੋਂ ਨਾ ਵਿਛੋੜ। ਕੋਈ ਗੁਣ ਪੱਲੇ ਹੋਵੇ ਤਾਂ ਮੈਂ ਆਖਾਂ, ਮੈਂ ਤਾਂ ਹਾਂ ਹੀ ਉੱਕਾ ਸੱਖਣਾ, ਹੇ ਕੱਖੋਂ ਹੌਲਿਆਂ ਨੂੰ ਮਾਣ ਦੇਣ ਵਾਲਿਆ! ਅਪਣੇ ਚਰਣਾਂ ਦੇ ਵਿਛੋੜੇ ਦਾ ਦਾਗ਼ ਨਾਂ ਦੇਹ।