122.
ਹੇ ਪ੍ਰੇਮ ਦੇ ਹੁਲਾਰਿਆਂ ਨਾਲ ਭਰੇ ਪ੍ਰੀਤਮ ਜੀ! ਆਪ ਦੇ ਕੰਮਾਂ ਵਿਚ ਮੈਂ ਕੁਛ ਨਾਂ ਕੁਆਂਗਾ, ਜੋ ਜੋ ਕਰਸੇਂ ਵੇਖਾਂਗਾ, ਜੋ ਆਖੋਗੇ ਆਪਦੀ ਕਿਰਪਾ ਨਾਲ ਕਰਾਂਗਾ, ਜਿਵੇਂ ਜਿਵੇਂ ਬਣ ਪਵੇ, ਧ੍ਰੋਹੀ ਜੇ, ਮੈਨੂੰ ਇਕੱਲਿਆਂ ਨਾ ਛਡੋ। ਹੇ ਸਤਿਗੁਰ ਦਾਤੇ ਮੈਂ ਤੇਰਾ ਹਾਂ, ਮੈਂ ਠੀਕ ਤੇਰਾ ਹਾਂ, ਮੈਂ ਔਗੁਣਹਾਰਾ ਤੇਰਾ ਹਾਂ, ਹੇ ਬਾਬਾ ਨਾਨਕ! ਜੇਹਾ ਕੇਹਾ ਹਾਂ ਤੇਰਾ ਹਾਂ, ਮੈਂ ਤੇਰਾ ਹਾਂ, ਤੇਰਾ ਹਾਂ, ਤੇਰਾ ਹਾਂ।
123.
ਜਿਸ ਵਿਛੋੜੇ ਵਿਚ 'ਭੁੱਲ' ਆ ਰਲੇ ਉਹ ‘ਮਾਰੂ ਵਿਛੋੜਾ' ਹੁੰਦਾ ਹੈ, ਜਿਸ ਵਿੱਚ 'ਯਾਦ' ਰਹੇ ਉਹ ਜੀਉਂਦਾ ਵਿਛੋੜਾ ਹੈ ਤੇ ਫੇਰ ਮੇਲਦਾ ਹੈ, ਏਸ ਯਾਦ ਵਾਲੇ ਵਿਛੋੜੇ ਨੂੰ ਹੀ ਬਿਰਹਾ ਆਖੀਦਾ ਹੈ। ਜਿਨ੍ਹਾਂ ਦੇ ਅੰਦਰ ਬਿਰਹਾ ਨਹੀਂ ਉਹ ਸਾਈਂ ਵੱਲੋਂ ਮਰ ਜਾਂਦੇ ਹਨ। ਜਿਨ੍ਹਾਂ ਦੇ ਅੰਦਰ ਸਾਈਂ ਦਾ ਬਿਰਹਾ ਜਾਗ ਪੈਂਦਾ ਹੈ ਉਨ੍ਹਾਂ ਦੇ ਅੰਦਰ ਸਾਈਂ ਵਾਲੀ ਜਾਨ ਰੁਮਕ ਪੈਂਦੀ ਹੈ। ਸੱਜਣਾ! ਸਾਈਂ ਦਾ ਸਿਮਰਨ ਕਰਦਿਆਂ ਤਾਂ ਸਦਾ ਮੰਗਲ ਹੀ ਮੰਗਲ ਹੈ। ਜਿਤਨਾ ਕਾਲ ਸਾਡਾ ਫੇਰ ਮੇਲਾ ਨਹੀਂ ਹੁੰਦਾ, ਨਿਰੰਕਾਰ ਦਾ ਸਿਮਰਨ ਕਰਦੇ ਰਹਿਣਾ, ਫੇਰ ਉਹ ਮਾਲਕ ਪਾਲਕ ਸਦਾ ਅੰਗ ਸੰਗ ਹੈ ਤੇ ਰਹੇਗਾ।
ਮਰਦਾਨਿਆਂ! ਤੂੰ ਓਦਰਨਾਂ ਨਹੀਂ, ਤਕੜੇ ਰਹਿਣਾ, ਇਹ ਅਸੀਂ ਅਡ ਨਹੀਂ ਹੋਣ ਲਗੇ, ਭੋਰਾ ਕੁ ਵਿਛੋੜਾ ਹੈ ਤੇ ਵਿਛੋੜੇ ਨੂੰ ਮੇਲ ਹੁੰਦਾ ਹੈ।
ਆਪਣੀ ਮੱਤ ਵਿੱਚ ਨਾ ਰਲਾਵੀਂ ਤਾਂ ਕਰਤਾਰ ਆਪ ਸਾਰੇ ਕਾਰਜ ਸਾਰੇਗਾ।
124.
ਤੂੰ ਜੀਵਾਂ ਨੂੰ ਮਰਜ਼ੀ ਦੀ ਸੁਤੰਤ੍ਰਤਾ ਬਖਸ਼ੀ ਹੈ, ਆਪਣੀ ਦਾਤ ਕਦ ਤੂੰ ਕਿਸੇ ਤੋਂ ਖੁਹੰਦਾ ਹੈਂ? ਅਪਣੀ ਏਸ ਅਕਲ ਤੇ ਅਕਲ ਦੀ ਖੁੱਲ੍ਹ ਨਾਲ ਕੋਈ ਚਾਹੇ ਦੇਵਤਾ ਬਣੇ ਚਾਹੇ ਪਾਪੀ।