ਲੋਕ ਤੋਂ ਲੋਪ ਕਰ ਲਏ ਤੇ ਕੋਈ ਉਨ੍ਹਾਂ ਬਲੀਦਾਨ ਹੋਏ ਸਰੀਰਾਂ ਦੀ ਬੇਅਦਬੀ ਨਾਂ ਕਰ ਸਕੇ। ਫਿਰ ਆਯਾ ਕੀਤੀ ਕਿ ਹੁਣ ਇਸ ਥਾਂ ਨੂੰ ਖਿਦਰਾਣੇ ਦੀ ਢਾਬ ਨਾਂ ਕੋਈ ਆਖੇ ਹੁਣ ਇਹ ਮੁਕਤਸਰ ਹੈ* ਜਿਥੇ ਕਿ ਇਹ ਆਪੇ ਨੂੰ ਪ੍ਯਾਰ ਨਾ ਕਰਨ ਵਾਲੇ, ਆਪਾ ਜਿੱਤ ਲੈਣ ਵਾਲੇ, ਆਪੇ ਨੂੰ ਸ਼ੁੱਧ ਕਰ ਲੈਣ ਵਾਲੇ ਸੂਰਮੇ ਮੁਕਤੀ ਨੂੰ ਪ੍ਰਾਪਤ ਹੋਏ ਸਨ।
੪.
ਖਾਨਾ- ਪਾਤਸ਼ਾਹ, ਸੁਹਣੇ ਸੁਹਣੇ ਦੂਲਿਆਂ ਦੇ ਪਾਤਸ਼ਾਹ, ਪਿਤਾ! ਮੂਰਖ ਮੁਰੱਖੇ ਦੀ ਇਕ ਅਰਜ਼ੋਈ ਹੈ । ਤੂੰ ਭਾਣੇ ਦਾ ਸਾਈਂ ਏ, ਭਾਣਾ ਤੇਰਾ ਗਾਖੜਾ ਏ, ਤੇਰੀਆਂ ਤੁਹੋਂ ਜਾਣਦਾ ਏਂ, ਕੀਕੂੰ ਬੇਮੁਖ ਹੋ ਗਏ, ਕੀਕੂੰ ਫੇਰ ਆਪਣੇ ਕਰ ਲਇਓਈ, ਦਿਲਾਂ ਦੀਆਂ ਵਾਗਾਂ ਕਿਵੇਂ ਮੋੜ ਲਈਓਈ ਤੇ ਕਿਵੇਂ ਸਦਕੇ ਹੋ ਹੋ ਸਿਰਾਂ ਦੀ ਖਿੱਦੋ ਪੱਟੀ ਖੇਡ ਗਏ ਨੇ ਤੇਰੇ ਪਰੇ ਕੀਤੇ ਫੇਰ ਉਰੇ ਕੀਤੇ ਆਪਣੇ। ਤੂੰਹੋਂ ਜਾਣੇਂ ਹੁਣ ਕਿਵੇਂ ਕਰਨਾ ਈ ਤੂੰਹੋਂ ਜਾਣੇਂ। ਚਾਕਰ ਦੀ, ਇਕ ਦਰ ਦੇ ਚਾਕਰਾਂ ਵਾਲੀ ਸੋਚ ਏ, (ਹੱਥ ਜੋੜ ਲਏ)
–––––––––––––––––
* ਇਹ ਅੰਗੀਠਾ ਠੰਢਾ ਹੋਕੇ ਓਥੇ ਹੀ ਰਿਹਾ, ਕੁਛ ਦਿਨਾਂ ਮਗਰੋਂ ਸਤਿਗੁਰ ਜੀ ਫੇਰ ਆਏ ਤੇ ਨਿਸ਼ਾਨ ਕਾਯਮ ਕੀਤੇ। ਪਿਛੋਂ ਜਦੋਂ ਸਮੇਂ ਬੀਤੇ ਤੇ ਖਾਲਸੇ ਦੇ ਦਲਾਂ ਨੇ ਥਾਂ ਢੂੰਡਿਆ ਤਾਂ ਭਾਈ ਲੰਗਰ ਸਿੰਘ ਨੇ, ਜੋ ਤਦੋਂ ਸਤਿਗੁਰੂ ਜੀ ਦੇ ਨਾਲ ਸਨ ਤੇ ਫੇਰ ਹਰੀਕੇ ਪਿੰਡ ਰਹੇ ਸਨ, ਨਿਸ਼ਾਨ ਪਤਾ ਦੱਸਿਆ ਤੇ ਖਾਲਸੇ ਨੇ ਪੱਕਾ ਸ਼ਹੀਦਗੰਜ ਬਣਾਇਆ ਤੇ ਮਾਘੀ ਦਾ ਮੇਲਾ ਯਾਦਗਾਰ ਬਣਾਇਆ। ਇਹ ਜੰਗ ਵਿਸਾਖ ਦਾ ਹੈ, ਪਰ ਮਾਘੀ ਠੰਢੀ ਰੁਤ ਕਰਕੇ ਥਾਪੀ ਸੀ ਜੋ ਵੈਸਾਖ ਵਿਚ ਏਥੇ ਗਰਮੀ ਬਹੁਤ ਹੁੰਦੀ ਹੈ। ਖਿਦਰਾਣੇ ਦੀ ਢਾਬ ਵਿਚ ਇਰਦ ਗਿਰਦ ਦਾ ਪਾਣੀ ਚਲਕੇ ਜਮਾਂ ਹੁੰਦਾ ਸੀ ਤੇ ਸਾਲ ਭਰ ਰਹਿੰਦਾ ਤੇ ਫੇਰ ਬਰਖਾ ਆ ਜਾਂਦੀ ਸੀ। ਹੁਣ ਓਸੇ ਦਾ ਸਰੋਵਰ ਬਣ ਗਿਆ ਹੈ। ਇਸ ਸਾਲ ਇਹ 1 ਢਾਬ ਛੇਤੀ ਸੁੱਕ ਗਈ ਸੀ। ਤਦ ਤੋਂ ਹੁਣ ਤਾਈਂ ਨਾਉਂ ਮੁਕਤਸਰ ਹੈ, ਜਿਲਾ ਫੀਰੋਜ਼ਪੁਰ ਹੈ, ਰੇਲ ਦਾ ਸਟੇਸ਼ਨ ਹੈ, ਪੱਕਾ ਸਰ ਬੀ ਹੈ, ਨਗਰੀ ਬੀ ਵੱਸ ਪਈ ਹੈ, ਗੁਰਦ੍ਵਾਰਾ ਹੈ। ਇਥੇ ਜੇ ਯਾਦਗਾਰੀ ਸਥਾਨ ਹਨ ਏਹ ਹਨ:- ੧. ਸ਼ਹੀਦ ਗੰਜ, ਜਿਥੇ ਸ਼ਹੀਦਾਂ ਦਾ ਸਸਕਾਰ ਹੋਯਾ। ੨. ਟਿੱਬੀ ਸਾਹਿਬ ਜਿਥੋਂ ਆਪ ਤੀਰ ਚਲਾਉਂਦੇ ਰਹੇ। ੩. ਤੰਬੂ ਸਾਹਿਬ, ਜਿਥੇ ਸਿੰਘਾਂ ਨੇ ਡੇਰਾ ਪਾ ਕੇ ਲੜਾਈ ਕੀਤੀ। ੪. ਵਡਾ ਦਰਬਾਰ-ਜਿਥੇ ਸਤਿਗੁਰ ਫਿਰ ਆ ਵਿਰਾਜੇ।
ਗੁਰੂ ਜੀ- ਮੁਰੱਖਿਆ! ਦੱਸ ਬਈ ਤੂੰ ਬੀ ਓਪਰਾ ਨਹੀਂ, ਆਪਣਾ ਹੈਂ, ਘਾਲ ਘਾਲੀ ਆ ਅਕਲਾਂ ਵਾਲੀ, ਥਹੁ ਪਤੇ ਖਬਰਾਂ ਦੇ ਦੇਕੇ ਸੇਵਾ ਕਰ ਲਈ ਆ। ਪਰਜਾ ਦੇ ਛੁਟਕਾਰੇ ਦੇ ਮਹਾਂ ਯੱਗ ਵਿਚ ਤੇਰੀ ਵਲੋਂ ਬੀ ਆਹੂਤੀਆਂ ਪੈ ਗਈਆਂ ਹਨ, ਹੁਣ ਦੱਸ ਤੇਰਾ ਵੀਚਾਰ ਕੀਹ ਏ?
ਖਾਨਾ- ਹਜੂਰ, ਜਿਥੇ ਬੈਠੇ ਹੋ ਟਿੱਬੀ ਏ ਉੱਚੀ, ਖਿਦਰਾਣੇ ਵਿਚ ਤਾਂ ਸੁੱਕ ਈ ਸੁੱਕ ਪਈ ਪਿਆਰਿਆਂ ਦੀਆਂ ਆਸਾਂ ਉਮੈਦਾਂ ਨੂੰ ਡੋਬਣ ਦੇ ਤਰਲੇ ਲੈ ਰਹੀਏ। ਸਿੰਘਾਂ ਦਾ ਕੱਠਾ ਕੀਤਾ ਨਾਲ ਆਂਦਾ ਪਾਣੀ ਮੁੱਕ ਟਰਿਆ ਏ। ਭਾਵੇਂ ਆਪ ਨਾਲ ਹੁਣ ਬਹੁਤੇ ਸੂਰਮੇ ਨਹੀਂ ਪਰ ਆਖਰ ਪਾਣੀ ਪਾਣੀ ਏਂ ਤੇ ਪਾਣੀ ਦੀ ਲੋੜ ਡਾਢੀ ਏ। ਸਿੰਘ ਆਸਾ ਦੀ ਵਾਰ ਵਿਚ ਪੜ੍ਹਦੇ ਮੈਂ ਸੁਣੇ ਹਨ "ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ”। ਸੋ ਪਾਣੀ ਵਾਲੇ ਥਾਂ ਹੁਣ ਚੱਲੋ, ਥੋੜੀ ਕੁ ਵਾਟ ਤੇ ਇਕ ਪਾਸੇ ਨਿੱਕੀ ਜਿਹੀ ਢਾਬ ਹੈ ਤੇ ਉਹ ਸਰਵੀ ਹੈ। ਜੇ ਆਪਣੇ ਨਿੱਕੇ ਜਿਹੇ ਦਲ ਨੂੰ ਓਥੇ ਲੈ ਚੱਲੋ ਤਾਂ ਪਾਣੀ ਦਾ ਤੋਟਾ ਨਾਂ ਪਵੇਗਾ।
ਗੁਰੂ ਜੀ- ਪਾਣੀ ਕਾਫ਼ੀ ਹੋਸੀ ?.... ਕੋਈ ਨੇੜੇ ਤੇੜੇ ਦਾ ਤੌਖਲਾ..... ।
ਖਾਨਾ- ਪਾਣੀ ਥੋੜਾ ਹੈ ਪਰ ਆਪ ਜੀ ਦੇ ਸੰਗ ਲਈ ਕਾਫ਼ੀ ਹੈ ਤੇ ਨਿਰਮਲ ਵੀ। ਤੌਖਲਾ ਕੋਈ ਨਹੀਂ, ਉਜਾੜ ਪਈ ਹੈ। ਦੂਰ ਕੁਛ ਥੇਹ ਹੈ। ਪੁਰਾਣਾ, ਕਦੇ ਵਸੋਂ ਹੁੰਦੀ ਸੀ ਘੁੱਘ। ਹਾਂ, ਇਕ ਜੋਗੀ ਦਾ ਟਿਕਾਣਾ ਹੈ ਇਸ ਜਲ ਦੇ ਕਿਨਾਰੇ। ਉਸ ਦਾ ਸੰਗ ਸਾਧ ਚੇਲੇ ਬਾਲੇ ਹੈਨ ਯਾ ਆਏ ਗਏ।
ਗੁਰੂ ਜੀ ਨੇ ‘ਕਦੇ ਵਸੋਂ ਸੀ' ਸੁਣ ਕੇ ਨੈਣ ਮੁੰਦ ਲਏ ਤੇ ਫੇਰ ਬੋਲੇ -ਹਾਂ ਪੁਰਾਣਾ ਟਿਕਾਣਾ ਹੈ, ਚੱਲ ਬਈ ਖਾਨਾ!
ਇਉਂ ਕਹਿ ਟਿੱਬੀ ਤੋਂ ਕੂਚ ਕੀਤਾ ਤੇ ਉਸ ਸਰ ਦੇ ਕਿਨਾਰੇ ਜਾ ਡੇਰਾ ਲਾਇਆ। ਖਾਨਾਂ ਹੁਣ ਵਿਦਾ ਹੋ ਗਿਆ ਜੋ ਕਪੂਰੇ ਨੂੰ ਜਾ ਮਿਲੇ ਤੇ ਗੁਰੂ ਜੀ ਦਾ ਸਾਰਾ ਹਾਲ ਦੱਸ ਦੇਵੇ ਕਿ ਓਹ ਸਲਾਮਤੀ ਦੇ ਟਿਕਾਣੇ ਬੈਠੇ ਹਨ। ਤੇ ਜੇ ਲੋੜ ਪਵੇ ਤਾਂ ਕਪੂਰਾ ਕੋਈ ਹੋਰ ਸੁਨੇਹਾ ਗੁਰੂ ਜੀ ਨੂੰ ਘੱਲਣਾ ਚਾਹੇ
੫. ਜੋਗ।
ਸਰ ਯਾਂ ਢਾਬ ਦੇ ਦੂਜੇ ਪਾਸੇ ਇਕ ਜੋਗੀ ਦਾ ਆਸ਼੍ਰਮ ਸੀ। ਇਸ ਦੇ ਆਸ਼੍ਰਮ ਵਿਚ ਖਬਰ ਹੋਈ ਕਿ ਪਾਰਲੇ ਕੰਢੇ ਕੋਈ ਵੱਡੇ ਲੋਕ ਜੀ ਆ ਉਤਰੇ ਹਨ। ਤਦ ਉਸ ਸਾਧ ਜੋਗੀ ਨੇ ਸੇਵਕਾਂ ਨੂੰ ਪੁੱਛਿਆ ਕਿ ਕਉਣ ਹੈ ਬਈ ਜੋ ਪਾਰ ਆ ਉਤਰਿਆ ਹੈ? ਸੇਵਕਾਂ ਨੇ ਵਿਚਰ ਰਹੇ ਕੁਛ ਸਿਖਾਂ ਤੋਂ ਪੁੱਛ ਪੁਛਾ ਕੇ ਦੱਸਿਆ ਕਿ ਗੁਰੂ ਹੈ ਗੋਬਿੰਦ ਸਿੰਘ- ਗੁਰੂ ਨਾਨਕ ਦਾ ਗਦੀ ਨਸ਼ੀਨ। ਨਾਲੇ ਤਾਂ ਗੁਰੂ ਹੈ ਨਾਲੇ ਜੋਧਾ ਹੈ । ਕਈ ਵੇਰ ਤੁਰਕਾਂ ਨੂੰ ਵਖਤ ਪਾ ਚੁਕਾ ਹੈ। ਜੋ ਹੀਆ ਕਿਸੇ ਦਾ ਨਹੀਂ ਸੀ ਪੈਂਦਾ ਕਿ ਮੁਗਲ ਨਾਲ ਕੋਈ ਟੱਕਰ ਲਏ। ਇਸ ਜੋਧੇ ਨੇ ਮੁਗਲ ਰਾਜ ਦੇ ਇਸ ਮਧ੍ਯਾਨ ਕਾਲ ਦੇ ਤਪ ਤੇਜ ਵਿਚ ਵੱਟਾ ਮਾਰ ਕੇ ਦਿਖਾ ਦਿੱਤਾ ਹੈ ਕਿ ਮੁਗਲ ਅਜਿੱਤ ਨਹੀਂ ਹੈ। ਖਬਰੇ ਜ਼ੁਲਮ ਰਾਜ ਦਾ ਸੂਰਜ ਅਸਤ ਹੀ ਕਰ ਦੇਵੇ।
ਸਾਧੂ ਨੇ ਕਿਹਾ ਆਰਬਲਾ ਕਿਤਨੀ ਕੁ ਹੋਊ? ਚੇਲੇ ਨੇ ਕਿਹਾ ਕੋਈ ਤ੍ਰੀਹ ਚਾਲੀ ਹੋਸੀ। ਚਾਲੀ ਤੋਂ ਹੇਠਾਂ ਹੋਸੀ:-
ਸੁਨਤਿ ਸਾਧ ਤਰਕਤਿ ਕਹਿ ਬੈਠਾ:
ਤਿਸ ਗੁਰ ਤੇ ਹਮ ਨੇ ਕਯਾ ਲੈਨਾ।
ਸਾਧੀ ਸਾਧਨਾ ਹੋਇ ਨ ਕੋਈ।
ਸ਼ਾਂਤਿ ਸਮੇਤ ਨਹੀਂ ਚਿਤ ਹੋਈ॥੩੭॥
(ਸੂ.ਪ੍ਰ.ਐਨ੧,ਅੰਸੂ ੧੩)
ਇਹ ਕਹਿਕੇ ਸਾਧ ਨੇ ਦਰਸ਼ਨ ਲਈ ਜਾਣ ਦੀ ਸਲਾਹ ਛਡ ਦਿੱਤੀ। ਸੋ ਆਪ ਤਾਂ ਨਾ ਆਇਆ, ਪਰ ਚੇਲੇ ਆਉਣ ਜਾਣ ਲੱਗ ਪਏ।
ਗੁਰੂ ਜੀ ਸੁਣ ਕੇ ਮੁਸਕ੍ਰਾਏ ਤੇ ਕਹਿਣ ਲੱਗੇ: ਮਾਯਾ ਪ੍ਰਬਲ ਹੈ, ਗ੍ਰਿਹਸਤੀ, ਦੁਨੀਆਂਦਾਰ, ਰਾਉ, ਰੰਕ ਸਭ ਨੂੰ ਘੇਰੇ ਬੈਠੀ ਹੈ, ਪਰ ਦੇਖੋ ਤਯਾਗੀਆਂ ਤੇ ਜੋਗੀਆਂ ਨੂੰ ਬੀ ਆ ਵਰਦੀ ਹੈ। ਜੇ ਭਲਾ ਹਠ ਜੱਗ ਦੀਆਂ ਕਸਰਤਾਂ ਕਰਕੇ ਸਰੀਰ ਨਿਰੋਗ ਕਿ ਵਡੀ ਉਮਰਾ ਵਾਲਾ ਕਰ ਲਿਆ ਤਾਂ ਕਾਹਦਾ ਮਾਣਾਂ, ਕਿਸੇ ਇਕੋ ਚੋਲਾ ਦੇਰ ਪਾ ਬਣਾਕੇ ਪੁਰਾਣਾ ਪਾਈ ਰਖਿਆ, ਕਿਸੇ ਨਵੇਂ ਨਵੇਂ ਛੇਤੀ ਛੇਤੀ ਬਦਲ ਲਏ। ਜੇ ਤਾਂ ਸਾਈਂ ਦਿੱਤੇ ਕਿਸੇ ਨੇ ਪਾਏ ਤੇ ਸਾਈਂ ਦਾ ਕੰਮ ਕਰਨ ਏਥੇ ਆ ਗਿਆ ਤਾਂ ਨਵੇਂ ਚੰਗੇ ਤੇ ਜੇ ਕਰਮਾਂ ਦਾ ਬੱਧਾ ਆਇਆ ਤੇ ਕਰਮਾਂ ਅਨੁਸਾਰ ਕਪੜਾ ਗਲ ਪਾ ਆਇਆ* ਤਾਂ ਜੇਹਾ ਨਵਾਂ ਜੇਹਾ ਪੁਰਾਹਣਾ, ਗਲੋਂ ਤਾਂ ਨਾਂ ਲੱਥਾ ਕਪੜਾ ਜੋ ਕਰਮਾਂ ਦਾ ਜ਼ੰਜ਼ੀਰ ਹੋਇਆ ਮਾਨੋ। ਹਾਂ, ਜੇ ਕੋਈ ਇਕੇ ਚੋਲੇ ਨੂੰ ਵਧੇਰਾ ਚਿਰ ਹੰਢਣ ਵਾਲਾ ਬਣਾਵੇ ਤ ਕਾਰ ਬੀ ਉਹ ਕਰੇ ਜਿਸ ਨਾਲ ਕਰਮ ਵੱਸ ਹੋ ਕੇ ਮੁੜ ਨਾ ਪਾਉਣਾ ਪਵੇ ਤਾਂ ਤਾਂ ਗਲ ਚੰਗੀ ਹੋ ਗਈ। ਜੇ ਉਹ ਕਾਰ ਨਾਂ ਹੋਵੇ ਤਾਂ ਨਿਰਾ ਪੁਰਾਣੇ ਚੋਲੇ ਦਾ ਮਾਣਾ ਮਾਇਆ ਦਾ ਆਵਰਣ ਹੀ ਹੈ ਨਾਂ, ਹੰਕਾਰ ਦੀ ਹੀ ਸੂਰਤ ਹੈ ਨਾਂ। ਹਉਮੈਂ ਹੀ ਹੈ ਨਾਂ ਦੇਹ ਦਾ ਹੇਤੂ। ਜੇਹੀ ਹਉਮੈ ਰਾਜ ਭਾਗ ਦੀ ਜੇਹੀ ਕੰਗਾਲਤਾਈ ਦੀ, ਜੇਹੀ ਵਡੀ ਉਮਰਾ ਦੀ, ਜੇਹੀ ਰਿਧੀ ਸਿਧੀ ਪ੍ਰਾਪਤੀ ਦੀ।.... ਨਾਨਕਾ ਸਭ ਵਾਉਂ।
(ਸਿਰੀ ਰਾਗ ਮਹਲਾ ੧)
ਇਸ ਵੇਲੇ ਇਕ ਸਿਖ ਨੇ ਪੁੱਛਿਆ: ਪਾਤਸ਼ਾਹ ਕਿੰਨੀ ਕੁ ਉਮਰਾ ਹੋਸੀ ਸਾਧੂ ਦੀ? ਗੁਰੂ ਜੀ ਨੇ ਜਿੰਨੀ ਉਸ ਦੀ ਉਮਰਾ ਸੀ ਦੱਸ ਦਿਤੀ। ਚੇਲਿਆਂ ਨੇ ਸਾਰੀ ਗਲ ਬਾਤ ਜੋਗੀ ਨੂੰ ਆ ਦੱਸੀ।
–––––––––––––––
* ਕਰਮੀ ਆਵੈ ਕਪੜਾ
ਯੋਗੀ ਸੁਣ ਕੇ ਕੁਝ ਹਰਾਨਿਆਂ, ਬਉਰਾਨਿਆਂ ਤੇ ਫੇਰ ਨੈਣ ਮੁੰਦ ਕੇ ਸੋਚੀਂ ਪੈ ਗਿਆ। ਫੇਰ ਅੱਖਾਂ ਖੋਹਲਕੇ ਕਹਿਣ ਲਗਾ:- ਦਰਸ਼ਨ ਕਰਨਾਂ ਹੀ ਬਣਦਾ ਹੈ। ਇਕ ਚੇਲੇ ਨੇ ਪੁੱਛਿਆ:- ਆਪ ਦੀ ਸਲਾਹ ਕਿਵੇਂ ਬਦਲ ਗਈ ਏ? ਜੋਗੀ ਬੋਲਿਆ:- ਉਹਨਾਂ ਦਾ ਮੇਰੀ ਉਮਰਾ ਦਾ ਅੰਦਾਜਾ ਠੀਕ ਠੀਕ ਦੱਸ ਦੇਣਾ ਇਹ ਧ੍ਯਾਨ ਸਿੱਧ ਯੋਗੀ' ਦਾ ਲੱਛਣ ਹੈ। ਹੋਰ ਕੌਣ ਭੂਤ* ਵਿਚ ਇਤਨੀ ਗੰਮਤਾ ਰਖ ਸਕਦਾ ਹੈ। ਉਨ੍ਹਾਂ ਦਾ ਇਹ ਪਛਾਣ ਲੈਣਾ ਕਿ ਮੈਂ ਹਠ ਯੋਗੀ ਤਾਂ ਹਾਂ ਤੇ ਹਠ ਯੋਗ ਨੂੰ ਮਾੜਾ ਨਾਂ ਕਹਿਣਾ ਪਰ ਠੀਕ ਮੁੱਲ ਪਾ ਦੇਣਾ ਤੇ ਪਛਾਣ ਲੈਣਾ ਕਿ ਮੈਂ ਕਲ੍ਯਾਨ ਮਾਰਗ ਤੇ ਨਹੀਂ ਟੁਰਿਆ, ਕੇਵਲ ਹਠ ਯੋਗ ਦੇ ਸਾਧਨਾਂ ਤੇ ਸਰੀਰਕ ਪ੍ਰਾਪਤੀ ਦਾ ਮਾਨ ਧਾਰੀ ਹਾਂ; ਇਹ ਲੱਛਣ ਬ੍ਰਹਮ ਯਾਨੀ ਦਾ ਹੈ। ਫਿਰ ਇਸ ਉਮਰੇ ਇਹ ਪ੍ਰਾਪਤੀ ਹੋਣੀ ਤੇ ਮੁਗਲ ਰਾਜ, ਜਿਸ ਵੱਲ ਕੈਰੀ ਅੱਖ ਕੋਈ ਨਹੀਂ ਤੱਕ ਸਕਦਾ, ਉਸ ਨੂੰ ਤੋੜਨ ਤੇ ਲੱਕ ਬੰਨ੍ਹ ਖੜੋਣਾ ਤੇ ਟੱਕਰ ਮਾਰ ਦੇਣੀ ਇਹ ਅਵਤਾਰੀ ਸਤ੍ਯਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ਸਰੀਰ ਕਰਮਾਂ ਅਨੁਸਾਰ ਬਣਦਾ ਹੈ ਤੇ ਕਰਮ ਜਾਲ ਵਿਚ ਬੱਧੇ ਸਰੀਰ ਜੰਮਦੇ ਮਰਦੇ ਹਨ, ਇਹ ਤਾਂ ਗਲ ਵਿਦਵਾਨ ਵੀ ਕਹਿ ਸਕਦੇ ਹਨ, ਪਰ ਇਹ ਕਹਿਣਾ ਕਿ ਕੋਈ ਸਰੀਰ ਨਿਰੇ ਮਾਲਕ ਦੇ 'ਹੁਕਮ' ਵਿਚ ਨਵੇਂ ਕਪੜੇ ਪਹਿਨਦੇ ਹਨ, ਇਹ ਉਨ੍ਹਾਂ ਦੇ 'ਕਾਰਕ' ਹੋਣ ਦਾ ਚਿੰਨ੍ਹ ਹੈ। ਉਨ੍ਹਾਂ ਦਾ ਚੋਲਾ ਕਰਮਾਂ ਦਾ ਦਿੱਤਾ ਚੌਲਾ ਨਹੀਂ, ਮਾਲਕ ਦੀ ਦਾਤ ਹੈ। ਇਸ ਕਰਕੇ ਉਹ ਕਾਰਕ** ਹਨ। ਇਨ੍ਹਾਂ ਕਾਰਨਾਂ ਕਰਕੇ ਉਹ ਇਸ ਉਮਰ ਇਤਨੇ ਕਾਰਜ ਕਰ ਰਹੇ ਹਨ। ਮਹਾਨ ਪੁਰਖ ਹਨ, ਮਹਾਨ ਸ਼ਕਤੀਵਾਨ ਹਨ, ਅਵਤਾਰ ਹਨ, ਉਨ੍ਹਾਂ ਦੇ ਦਰਸ਼ਨ ਬਣਦੇ ਹਨ ਤੇ ਉਨ੍ਹਾਂ ਤੋਂ ਕਲ੍ਯਾਨ ਦੀ ਦਾਤ ਮੰਗਣੇ ਦਾ ਅਵਸਰ ਸ਼ਾਯਦ ਪ੍ਰਭੂ ਨੇ ਮੇਰੇ ਲਈ ਉਨ੍ਹਾਂ ਦੇ ਇਥੇ ਆਉਣ ਵਿਚ ਆਪ ਬਣਾਇਆ ਹੈ।
–––––––––––––––
* ਬੀਤਚੁਕਾ ਸਮਾਂ।
* * ਧੁਰ ਤੋਂ ਸ੍ਰਿਸਟੀ ਦੇ ਉਧਾਰ ਲਈ ਘੱਲੇ ਹੋਏ ਮਹਾਂਪੁਰਖ।