ਹਾਰ ਹਮੇਲਾਂ ਪਾਈਆਂ ਗਲ ਵਿੱਚ, ਬਾਹੀਂ ਛਣਕੇ ਚੂੜਾ,
ਕੰਨੀਂ ਬੁੱਕ ਬੁੱਕ ਮਛਰੀਆਲੇ, ਸਭ ਅਡੰਬਰ ਕੂੜਾ,
ਅੱਗੇ ਸ਼ਹੁ ਨੇ ਝਾਤ ਨਾ ਪਾਈ, ਐਵੇਂ ਗਿਆ ਸ਼ਿੰਗਾਰ,
ਪਾਣੀ ਭਰ ਭਰ ਗਈਆਂ ਸੱਭੇ, ਆਪੋ ਆਪਣੀ ਵਾਰ।
ਹੱਥੀਂ ਮਹਿੰਦੀ ਪੈਰੀਂ ਮਹਿੰਦੀ, ਸਿਰ ਤੇ ਧੜੀ ਗੁੰਦਾਈ,
ਤੇਲ ਫੁਲੇਲ ਪਾਨਾਂ ਦਾ ਬੀੜਾ, ਦੰਦੀਂ ਮਿੱਸੀ ਲਾਈ,
ਕੋਈ ਜੂ ਸਦ ਪਈਓ ਨੇ ਡਾਢੀ, ਵਿੱਸਰਿਆ ਘਰ ਬਾਰ,
ਪਾਣੀ ਭਰ ਭਰ ਗਈਆਂ ਸੱਭੇ, ਆਪੋ ਆਪਣੀ ਵਾਰ ।
ਬੁੱਲ੍ਹਾ ਸ਼ਹੁ ਦੇ ਪੰਧ ਪਵੇਂ ਜੇ, ਤਾਂ ਤੂੰ ਰਾਹ ਪਛਾਣੇਂ,
ਪਉ-ਸਤਾਰਾਂ ਪਾਸਿਉਂ ਮੰਗਦਾ, ਦਾਅ ਪਿਆ ਤ੍ਰੈ-ਕਾਣੇ,
ਗੁੰਗੀ ਡੋਰੀ ਕਮਲੀ ਹੋਈ, ਜਾਨ ਦੀ ਬਾਜ਼ੀ ਹਾਰ,
ਪਾਣੀ ਭਰ ਭਰ ਗਈਆਂ ਸੱਭੇ, ਆਪੋ ਆਪਣੀ ਵਾਰ।
ਪਰਦਾ ਕਿਸ ਤੋਂ ਰਾਖੀਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਪਹਿਲੋਂ ਆਪੇ ਸਾਜਨ ਸਾਜੇ ਦਾ, ਹੁਣ ਦੱਸਨਾ ਏਂ ਸਬਕ ਨਮਾਜੇ ਦਾ,
ਹੁਣ ਆਇਆ ਆਪ ਨਜ਼ਾਰੇ ਨੂੰ, ਵਿਚ ਲੈਲਾ ਬਣ ਬਣ ਝਾਕੀ ਦਾ ।
ਪਰਦਾ ਕਿਸ ਤੋਂ ਰਾਖੀਦਾ ।
ਸ਼ਾਹ ਸ਼ੱਮਸ ਦੀ ਖੱਲ ਲੁਹਾਇਓ, ਮਨਸੂਰ ਨੂੰ ਸੂਲੀ ਦਵਾਇਓ,
ਜ਼ਕਰੀਏ ਸਿਰ ਕਲਵੱਤਰ ਧਰਾਇਓ, ਕੀ ਲੇਖਾ ਰਹਿਆ ਬਾਕੀ ਦਾ ।
ਪਰਦਾ ਕਿਸ ਤੋਂ ਰਾਖੀਦਾ ।
ਕੁੰਨ ਕਿਹਾ ਫਅਕੂਨ ਕਹਾਇਆ, ਬੇ-ਚੂਨੀ ਦਾ ਚੂਨ ਬਣਾਇਆ,
ਖਾਤਰ ਤੇਰੀ ਜਗਤ ਬਣਾਇਆ, ਸਿਰ ਪਰ ਛਤਰ ਲੌਲਾਕੀ ਦਾ ।
ਪਰਦਾ ਕਿਸ ਤੋਂ ਰਾਖੀਦਾ ।