ਤੁਸੀਂ ਛਪਦੇ ਹੋ ਅਸਾਂ ਪਕੜੇ ਹੋ, ਅਸਾਂ ਨਾਲ ਜ਼ੁਲਫ ਦੇ ਜਕੜੇ ਹੋ,
ਤੁਸੀਂ ਅਜੇ ਛਪਣ ਨੂੰ ਤਕੜੇ ਹੋ, ਹੁਣ ਜਾਣ ਨਾ ਮਿਲਦਾ ਨੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।
ਬੁੱਲ੍ਹਾ ਸ਼ੌਹ ਮੈਂ ਤੇਰੀ ਬਰਦੀ ਹਾਂ, ਤੇਰਾ ਮੁੱਖ ਵੇਖਣ ਨੂੰ ਮਰਦੀ ਹਾਂ,
ਨਿੱਤ ਸੌ ਸੌ ਮਿੰਨਤਾਂ ਕਰਦੀ ਹਾਂ, ਹੁਣ ਬੈਠ ਪਿੰਜਰ ਵਿਚ ਧੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।
ਬੇਹੱਦ ਰਮਜ਼ਾਂ ਦਸਦਾ ਨੀਂ, ਢੋਲਣ ਮਾਹੀ ।
ਮੀਮ ਦੇ ਉਹਲੇ ਵੱਸਦਾ ਨੀਂ, ਢੋਲਣ ਮਾਹੀ ।
ਔਲੀਆਂ ਮਨਸੂਰ ਕਹਾਵੇ, ਰਮਜ਼ ਅਨਲਹੱਕ ਆਪ ਬਤਾਵੇ,
ਆਪੇ ਆਪ ਨੂੰ ਸੂਲੀ ਚੜ੍ਹਾਵੇ, ਤੇ ਕੋਲ ਖਲੋਕੇ ਹੱਸਦਾ ਨੀਂ, ਢੋਲਣ ਮਾਹੀ ।
ਬੇਹੱਦ ਰਮਜ਼ਾਂ ਦਸਦਾ ਨੀਂ, ਢੋਲਣ ਮਾਹੀ ।
ਮੀਮ ਦੇ ਉਹਲੇ ਵੱਸਦਾ ਨੀਂ, ਢੋਲਣ ਮਾਹੀ ।
ਪਿੜੀ ਪਿਛੇ ਪਛਵਾੜੇ ਰਹਿ ਗਈ, ਹੱਥ ਵਿਚ ਰਹਿ ਗਈ ਜੁੱਟੀ,
ਅੱਗੇ ਚਰਖਾ ਪਿੱਛੇ ਪੀਹੜਾ, ਮੇਰੇ ਹੱਥੋਂ ਤੰਦ ਤਰੁੱਟੀ,
ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ ।
ਦਾਜ ਜਵਾਹਰ ਅਸਾਂ ਕੀ ਕਰਨਾ, ਜਿਸ ਪ੍ਰੇਮ ਕਟਵਾਈ ਮੁੱਠੀ,
ਓਹੋ ਚੋਰ ਮੇਰਾ ਪਕੜ ਮੰਗਾਓ, ਜਿਸ ਮੇਰੀ ਜਿੰਦ ਕੁੱਠੀ,
ਭੈਣਾਂ ਮੈਂ ਕੱਤਦੀ ਕੱਤਦੀ ਹੱਟੀ ।
ਭਲਾ ਹੋਇਆ ਮੇਰਾ ਚਰਖਾ ਟੁੱਟਾ, ਮੇਰੀ ਜਿੰਦ ਅਜ਼ਾਬੋਂ ਛੁੱਟੀ,
ਬੁੱਲ੍ਹਾ ਸ਼ੌਹ ਨੇ ਨਾਚ ਨਚਾਏ, ਓਥੇ ਧੁੰਮ ਪਈ ਕੜ-ਕੁੱਟੀ,
ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ ।