ਇਸ ਟੂਣੇ ਨੂੰ ਪੜ੍ਹ ਫੂਕਾਂਗੀ, ਸੂਰਜ ਅਗਨ ਜਲਾਵਾਂਗੀ ।
ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ ।
ਅੱਖੀਆਂ ਕਾਜਲ ਕਾਲੇ ਬਾਦਲ, ਭਵਾਂ ਸੇ ਆਗ ਲਗਾਵਾਂਗੀ ।
ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਔਰ ਬਸਾਤ ਨਹੀਂ ਕੁਝ ਮੇਰੀ, ਜੋਬਨ ਧੜੀ ਗੁੰਦਾਵਾਂਗੀ।
ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਸੱਤ ਸਮੁੰਦਰ ਦਿਲ ਦੇ ਅੰਦਰ, ਦਿਲ ਸੇ ਲਹਿਰ ਉਠਾਵਾਂਗੀ ।
ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ ।
ਬਿਜਲੀ ਹੋ ਕਰ ਚਮਕ ਡਰਾਵਾਂ, ਮੈਂ ਬਾਦਲ ਘਿਰ ਘਿਰ ਜਾਵਾਂਗੀ ।
ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਇਸ਼ਕ ਅੰਗੀਠੀ ਹਰਮਲ ਤਾਰੇ, ਸੂਰਜ ਅਗਨ ਚੜ੍ਹਾਵਾਂਗੀ ।
ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ ।
ਨਾ ਮੈਂ ਵਿਆਹੀ ਨਾ ਮੈਂ ਕਵਾਰੀ, ਬੇਟਾ ਗੋਦ ਖਿਡਾਵਾਂਗੀ।
ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ ।
ਬੁੱਲ੍ਹਾ ਲਾਮਕਾਨ ਦੀ ਪਟੜੀ ਉਤੇ, ਬਹਿਕੇ ਨਾਦ ਵਜਾਵਾਂਗੀ।
ਟੂਣੇ ਕਾਮਣ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਤੂੰ ਕਿਧਰੋਂ ਆਇਆ ਕਿਧਰ ਜਾਣਾ, ਆਪਣਾ ਦੱਸ ਟਿਕਾਣਾ ।
ਜਿਸ ਠਾਣੇ ਦਾ ਤੂੰ ਮਾਣ ਕਰੇਂ, ਤੇਰੇ ਨਾਲ ਨਾ ਜਾਸੀ ਠਾਣਾ ।