ਤੇਰੇ ਨਾਲ ਦੀਆਂ ਸਭ ਸਈਆਂ ਨੇ, ਕੱਤ ਪੂਣੀਆਂ ਸਭਨਾ ਲਈਆਂ ਨੇ,
ਤੈਨੂੰ ਬੈਠੀ ਨੂੰ ਪਿਛੋਂ ਪਈਆਂ ਨੇ, ਕਿਉਂ ਬੈਠੀ ਏਂ ਹੁਣ ਹੈਰਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਦੀਵਾ ਆਪਣੇ ਪਾਸ ਜਗਾਵੀਂ, ਕੱਤ ਕੱਤ ਸੂਤ ਭੜੋਲੀ ਪਾਵੀਂ,
ਅੱਖੀਂ ਵਿਚੋਂ ਰਾਤ ਲੰਘਾਵੀਂ, ਔਖੀ ਕਰਕੇ ਜਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਰਾਜ ਪੇਕਾ ਦਿਨ ਚਾਰ ਕੁੜੇ, ਨਾ ਖੇਡੋ ਖੇਡ ਗੁਜ਼ਾਰ ਕੁੜੇ,
ਨਾ ਹੋ ਵਿਹਲੀ ਕਰ ਕਾਰ ਕੁੜੇ, ਘਰ ਬਾਰ ਨਾ ਕਰ ਵੀਰਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਤੂੰ ਸੁਤਿਆਂ ਰੈਣ ਗੁਜ਼ਾਰ ਨਹੀਂ, ਮੁੜ ਆਉਣਾ ਦੂਜੀ ਵਾਰ ਨਹੀਂ,
ਫਿਰ ਬਹਿਣਾ ਏਸ ਭੰਡਾਰ ਨਹੀਂ, ਵਿਚ ਇਕੋ ਜੇਡੇ ਹਾਣ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਤੂੰ ਸਦਾ ਨਾ ਪੇਕੇ ਰਹਿਣਾ ਏਂ, ਨਾ ਪਾਸ ਅੰਬੜੀ ਦੇ ਬਹਿਣਾ ਏਂ,
ਭਾ ਅੰਤ ਵਿਛੋੜਾ ਸਹਿਣਾ ਏਂ, ਵੱਸ ਪਏਂਗੀ ਸੱਸ ਨਨਾਣ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਕੱਤ ਲੈ ਨੀ ਕੁਝ ਕਤਾ ਲੈ ਨੀ, ਹੁਣ ਤਾਣੀ ਤੰਦ ਉਣਾ ਲੈ ਨੀ,
ਤੂੰ ਆਪਣਾ ਦਾਜ ਰੰਗਾ ਲੈ ਨੀ, ਤੂੰ ਤਦ ਹੋਵੇਂ ਪਰਧਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਜਦ ਘਰ ਬੇਗਾਨੇ ਜਾਵੇਂਗੀ, ਮੁੜ ਵੱਤ ਨਾ ਉੱਥੋਂ ਆਵੇਂਗੀ,
ਓਥੇ ਜਾ ਕੇ ਪਛੋਤਾਵੇਂਗੀ, ਕੁਝ ਅਗਦੋਂ ਕਰ ਸਮਿਆਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।