Back ArrowLogo
Info
Profile

  1. ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ

ਲੱਗਾ ਨੇਹੁੰ ਮੇਰਾ ਜਿਸ ਸੇਤੀ, ਸਰਹਾਣੇ ਵੇਖ ਪਲੰਘ ਦੇ ਜੀਤੀ,

ਆਲਮ ਕਿਉਂ ਸਮਝਾਵੇ ਰੀਤੀ, ਮੈਂ ਡਿੱਠੇ ਬਾਝ ਨਾ ਰਹਿਨੀ ਹਾਂ ।

ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ ।

 

ਤੁਸੀਂ ਸਮਝਾਓ ਵੀਰੋ ਭੋਰੀ, ਰਾਂਝਣ ਵੇਂਹਦਾ ਮੈਥੋਂ ਚੋਰੀ,

ਜੀਹਦੇ ਇਸ਼ਕ ਕੀਤੀ ਮੈਂ ਡੋਰੀ, ਮੈਂ ਨਾਲ ਆਰਾਮ ਨਾ ਬਹਿਨੀ ਹਾਂ ।

ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ ।

 

ਬਿਰਹੋਂ ਆ ਵੜਿਆ ਵਿਚ ਵਿਹੜੇ, ਜ਼ੋਰੋ ਜ਼ੋਰ ਦੇਵੇ ਤਨ ਘੇਰੇ,

ਦਾਰੂ ਦਰਦ ਨਾ ਬਾਝੋਂ ਤੇਰੇ, ਮੈਂ ਸੱਜਣਾਂ ਬਾਝ ਮਰੇਨੀ ਹਾਂ ।

ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ ।

 

ਬੁੱਲ੍ਹੇ ਸ਼ਾਹ ਘਰ ਰਾਂਝਣ ਆਵੇ, ਮੈਂ ਤੱਤੀ ਨੂੰ ਲੈ ਗਲ ਲਾਵੇ,

ਨਾਲ ਖੁਸ਼ੀ ਦੇ ਰੈਣ ਵਿਹਾਵੇ, ਨਾਲ ਖ਼ੁਸ਼ੀ ਦੇ ਰਹਿਨੀ ਹਾਂ ।

ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ ।

 

  1. ਮੂੰਹ ਆਈ ਬਾਤ ਨਾ ਰਹਿੰਦੀ ਏ

ਝੂਠ ਆਖਾਂ ਤੇ ਕੁਝ ਬਚਦਾ ਏ, ਸੱਚ ਆਖਿਆਂ ਭਾਂਬੜ ਮਚਦਾ ਏ,

ਜੀ ਦੋਹਾਂ ਗੱਲਾਂ ਤੋਂ ਜਚਦਾ ਏ, ਜਚ ਜਚ ਕੇ ਜਿਹਵਾ ਕਹਿੰਦੀ ਏ ।

ਮੂੰਹ ਆਈ ਬਾਤ ਨਾ ਰਹਿੰਦੀ ਏ ।

 

ਜਿਸ ਪਾਇਆ ਭੇਤ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ,

ਉਹ ਵਾਸੀ ਹੈ ਸੁੱਖ ਮੰਦਰ ਦਾ, ਜਿਥੇ ਕੋਈ ਨਾ ਚੜ੍ਹਦੀ ਲਹਿੰਦੀ ਏ ।

ਮੂੰਹ ਆਈ ਬਾਤ ਨਾ ਰਹਿੰਦੀ ਏ ।

98 / 148
Previous
Next