ਸਮਰਪਣ
ਕਰਤੇ ਕੀਆ ਬਾਤਾ
ਕਰਤੇ
ਨੂੰ
ਤਤਕਰਾ
ਕਰਤੇ ਕੀਆ ਬਾਤਾ
ਗੁਰਬਾਣੀ ਦਾ ਚਿਰੋਕਣਾ ਅਧਿਐਨ ਕਰਦਿਆਂ ਜਿਹੜਾ ਵੀ ਵਕਤ ਇਸ ਵਿੱਚ ਗੁਜ਼ਾਰਿਆ ਇਹ ਮੇਰੇ ਲਈ ਇੱਕ ਸਫਰ ਵਰਗਾ ਸੀ। ਇਹ ਇੱਕ ਬੀਜ ਤੋਂ ਦਰਖ਼ਤ ਬਣਨ ਦਾ ਸੀ।
ਗੁਰਬਾਣੀ ਨੂੰ ਗੁਰਬਾਣੀ ਤੋਂ ਹੀ ਸਮਝਣ ਦੀ ਆਦਤ ਪਈ ਜਦੋਂ ਮੈਨੂੰ ਸਟੀਕਾਂ ਵਿਚਲੀ ਵਿਆਖਿਆ ਵਿੱਚ ਮਨਮੱਤ ਨਜ਼ਰ ਆਈ। ਮੈਂ ਸਟੀਕਾਂ ਦਾ ਸਾਥ ਛੱਡ ਕੇ ਗੁਰਬਾਣੀ ਨੂੰ ਫੜ ਲਿਆ। ਵਾਹ ਲੱਗਦੀ ਮੈਂ ਗੁਰਬਾਣੀ ਦਾ ਅਧਿਐਨ ਗੁਰਬਾਣੀ ਚੋਂ ਹੀ ਕੀਤਾ ਹੈ।
ਗੁਰਬਾਣੀ ਨੇ ਹੀ ਮੇਰੀ ਇਹ ਸਮਝ ਬਣਾਈ ਹੈ। ਗੁਰਬਾਣੀ ਚੋਂ ਮੈਨੂੰ ਰਸਤਾ ਨਜ਼ਰ ਆਇਆ। ਗੁਰਬਾਣੀ ਨੇ ਮੈਨੂੰ ਇਸ ਪੱਧਰ ਤੱਕ ਲੈ ਆਂਦਾ ਕਿ ਸਾਰੇ ਤਾਲੇ ਖੁਲ੍ਹਦੇ ਗਏ। ਭੇਦ ਉਜਾਗਰ ਹੁੰਦੇ ਗਏ। ਸੋ ਇਸ ਚੋਂ ਨਿਕਲੇ ਅਨੁਭਵ ਚੋਂ ਮੈਂ ਇਹ ਪੁਸਤਕ ਕਰਤੇ ਕੀਆ ਬਾਤਾ ਆਪਣੇ ਪਾਠਕਾਂ ਦੀ ਨਜ਼ਰ ਕਰ ਰਿਹਾ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੇਰੇ ਪਾਠਕ ਇੱਕ ਸਮਝ ਵਿਕਸਤ ਕਰਨ ਜਿਸ ਤੋਂ ਅੱਗੇ ਗੁਰਬਾਣੀ ਗੁਰਸਿੱਖੀ, ਗੁਰਮੱਤ ਦੀਆਂ ਸਾਰੀਆਂ ਦੁਬਿਧਾਵਾਂ ਦੂਰ ਹੋ ਸਕਣ।
ਇੱਕ ਚੈਪਟਰ ਸਿੱਖੀ ਦੀ ਸਮਝ ਦੇ ਸਿਰਲੇਖ ਹੇਠ ਸ਼ਾਮਿਲ ਕੀਤਾ ਹੈ, ਜਿਸ ਦਾ ਮੰਤਵ ਸਿੱਖ ਵਿਚਾਰ ਦੀ ਪੂਰੀ ਸਮਝ ਦਾ ਪ੍ਰਗਟਾਵਾ ਕਰਨਾ ਤੇ ਇਸ ਨੂੰ ਅਮਲੀ ਰੂਪ ਵਿੱਚ ਵਰਤ ਕੇ ਇਸ ਤੋਂ ਅਨੁਭਵ ਦੀ ਅਮੀਰੀ ਨਾਲ ਸ਼ਰਸਾਰ ਹੋਣਾ ਹੈ।
ਭੁੱਲ ਚੁਕ ਮੇਰੀ, ਵਾਧਾ ਕਰਤੇ ਦਾ, ਕਰਤਾ ਪੁਰਖ ਕੀਆ ਬਾਤਾ ਦਾ।
ਜਪੁ ਦੀ ਬਾਣੀ
ਆਦਿ ਗ੍ਰੰਥ ਦੀ ਰਚਨਾ ਸਮੇਂ ਜਿਸ ਬਾਣੀ ਨੂੰ ਸਰਵ ਪ੍ਰਥਮ ਦਰਜ ਕੀਤਾ ਗਿਆ ਤੇ ਜਿਸ ਬਾਣੀ ਦਾ ਸਿਰਲੇਖ “ਜਪੁ” ਰੱਖਿਆ ਗਿਆ, ਤੇ ਜਿਸ ਨੂੰ ਗੁਰਬਾਣੀ ਦਾ ਮੂਲ ਅਧਾਰ ਮੰਨਿਆ ਜਾਂਦਾ ਹੈ, ਸਾਡੀ ਇਸ ਪੁਸਤਕ ਦਾ ਮਨੋਰਥ ਉਸ ਬਾਣੀ ਦੇ ਮੂਲ ਤੱਤ ਨੂੰ ਸਮਝਣ ਵਿੱਚ ਮਦਦ ਕਰਨਾ ਹੈ। ਜਪੁ ਦੀ ਬਾਣੀ ਦਾ ਮਹੱਤਵ ਸਿੱਖਾਂ - ਗੁਰਸਿੱਖਾਂ ਤੇ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਲਗਭਗ ਇੱਕੋ ਜਿਹਾ ਹੈ। ਇਸ ਨੂੰ ਗੁਰਬਾਣੀ ਦਾ ਦਾਰਸ਼ਨਿਕ ਪ੍ਰਮਾਣੀਕ ਅਧਾਰ ਕਹਿ ਦੇਣਾ ਅਣਉਚਿਤ ਨਹੀਂ ਹੋਵੇਗਾ।
ਆਮ ਮਾਨਤਾ ਅਨੁਸਾਰ ਇਸ ਬਾਣੀ ਦੇ ਰਚੇਤਾ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਅਤੇ ਇਹ ਕਿ ਇਸ ਬਾਣੀ ਦੀ ਰਚਨਾ ਗੁਰੂ ਸਾਹਿਬ ਨੇ ਆਪਣੇ ਛੇਕੜਲੇ ਵਰ੍ਹਿਆਂ ਵਿਚ ਕੀਤੀ। ਇਸ ਵਿੱਚ ਉਹਨਾਂ ਦਾ ਉਮਰ ਭਰ ਦੇ ਅਨੁਭਵ ਤੇ ਗਿਆਨ ਦਾ ਨਿਚੋੜ ਹੈ। ਇਹ ਬਾਣੀ ਸਾਨੂੰ ਗੁਰਬਾਣੀ ਦੇ ਬਾਕੀ ਹਿੱਸਿਆਂ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਅਤੇ ਕਿਸੇ ਵੀ ਦੁਬਿਧਾ ਜਾਂ ਭੁਲੇਖੇ ਦੀ ਸੂਰਤ ਵਿੱਚ ਇਸ ਬਾਣੀ ਦਾ ਪ੍ਰਮਾਣ ਹੀ ਅਧਾਰ ਮੰਨਿਆ ਜਾਂਦਾ ਹੈ।
ਜਪੁ ਦੀ ਇਹ ਬਾਣੀ ਉਹਨਾਂ ਦਾ ਇੱਕ ਆਤਮ ਸੰਵਾਦ ਦੇ ਰੂਪ ਵਿੱਚ ਹੈ, ਜਿਸ ਨੂੰ ਸਿੱਖ ਵਿਚਾਰਧਾਰਾ, ਜਾਂ ਗੁਰਮੱਤ ਮੰਨ ਲਿਆਣਾ ਅਤਿਕਥਨੀ ਨਹੀਂ ਹੈ। ਜਿਥੇ ਬਾਕੀ ਬਾਣੀ ਦਾ ਸੰਦਰਭ ਤੇ ਸੰਵਾਦ ਦਾ ਢੰਗ ਵੱਖਰਾ ਹੈ, ਜਪੁ ਦੀ ਬਾਣੀ ਦਾ ਪੱਧਰ ਦਾਰਸ਼ਨਿਕ ਹੈ। ਦਰਸ਼ਨ ਦੀ ਪੱਧਰ ਉਪਰ ਇੱਕ ਸਮਝ ਤਿਆਰ ਹੁੰਦੀ ਸਪਸ਼ਟ ਪ੍ਰਤੀਤ ਹੁੰਦੀ ਹੈ, ਜਿਸ ਨੂੰ ਇੱਕ ਸੰਪਨ ਸਾਧਨ ਵੱਜੋਂ ਵਰਤੇ ਜਾਣ ਲਈ ਸਾਣ ਤੇ ਲਾਇਆ ਗਿਆ ਹੈ, ਤਾਂ ਜੁ ਆਉਣ ਵਾਲੇ ਸਮੇਂ ਵਿੱਚ ਕਿਸੇ ਨੂੰ
ਕੋਈ ਭਰਮ ਨਾ ਰਹੇ। ਇੰਜ ਇਹ ਬਾਣੀ ਨਾ ਸਿਰਫ ਸਮਝ ਤੇ ਬੁੱਧੀ ਦਾ ਮਿਆਰ ਤੈਅ ਕਰਦੀ ਹੈ ਸਗੋਂ ਉਸ ਨੂੰ ਵਰਤਣ ਤੇ ਉਸ ਦੇ ਅਧਾਰ ਉਪਰ ਸਾਰੇ ਭੁਲੇਖਿਆਂ ਨੂੰ ਨਿਪਟਾਉਣ ਵਿੱਚ ਵੀ ਮਦਦ ਕਰਦੀ ਹੈ।
ਗੁਰਬਾਣੀ ਦੇ ਬਹੁਤੇ ਫੈਸਲੇ ਜਪੁ ਦੀ ਬਾਣੀ ਦੇ ਅਧਾਰ ਉਪਰ ਕੀਤੇ ਜਾ ਸਕਦੇ ਹਨ। ਗੁਰਮੱਤ ਦੀਆਂ ਬਹੁਤੀਆਂ ਕਠਿਨਾਈਆਂ ਜਪੁ ਦੀ ਬਾਣੀ ਹੱਲ ਕਰਦੀ ਹੈ। ਇਸ ਲਈ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਬਾਣੀ ਦੀ ਸਮਝ ਦੇ ਪੱਧਰ ਉਪਰ ਵਿਆਖਿਆ ਤੇ ਪਕੜ ਬਹੁਤ ਮਜ਼ਬੂਤ ਕਰਨ ਦੀ ਲੋੜ ਹੈ।
ਸਿੱਖਾਂ ਵਿੱਚ ਇਸ ਦਾ ਆਮ ਪਾਠ ਕੀਤੇ ਜਾਣ ਦਾ ਰਿਵਾਜ ਹੈ। ਇਹ ਨਿੱਤ-ਨੇਮ ਦੀ ਬਾਣੀ ਹੈ, ਭਾਵ ਕਿ ਇਹ ਹਰ ਰੋਜ਼ ਪੜ੍ਹੀ ਜਾਣ ਵਾਲੀ ਬਾਣੀ ਹੈ। ਇਸ ਨੂੰ ਸਿਰਫ ਨਿਤਨੇਮ ਦੇ ਹਿੱਸੇ ਵੱਜੋਂ ਪਾਠ ਕਰਨ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ। ਇਸ ਉਪਰ ਗੰਭੀਰ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਇਸ ਦੀ ਸਮਝ ਤੋਂ ਬਾਦ ਹੀ ਸਿੱਖੀ ਦਾ ਅਸਲ ਮੰਤਵ ਸਮਝ ਪੈਣਾ ਸ਼ੁਰੂ ਹੁੰਦਾ ਹੈ।
ਜਪੁ ਦੀਆਂ 38 ਪਉੜੀਆਂ ਹਨ ਜੋ ਵੱਖ ਵੱਖ ਸਮਿਆਂ ਵਿੱਚ ਉਚਾਰੀਆਂ ਗਈਆਂ ਤੇ ਫਿਰ ਬਾਦ ਵਿੱਚ ਇਹਨਾਂ ਨੂੰ ਇਕੱਠਿਆਂ ਕੀਤਾ ਗਿਆ। ਇਸ ਦਾ ਸੰਕੇਤ ਇਸ ਦੇ ਰੂਪਕ ਪੱਖ ਤੋਂ ਮਿਲਦਾ ਹੈ। ਸਾਰੀਆਂ ਪਉੜੀ ਵਿੱਚ ਪੰਗਤੀਆਂ ਦੀ ਗਿਣਤੀ ਇੱਕੋ ਜਿੰਨੀ ਨਹੀਂ, ਕਿਤੇ ਵੱਧ ਹੈ ਕਿਤੇ ਜ਼ਿਆਦਾ, ਜਦੋਂ ਕਿ ਸਿਧ ਗੋਸ਼ਟਿ ਤੇ ਦੱਖਣੀ ਓਅੰਕਾਰ ਦੀਆਂ ਬਾਣੀਆਂ ਵਿੱਚ ਰੂਪਕ ਪੱਖ ਵਧੇਰੇ ਮਜ਼ਬੂਤ ਹੈ। ਉਹ ਰਾਗ ਅਧਾਰਤ ਬਾਣੀਆਂ ਹਨ, ਜਦੋਂ ਕਿ ਜਪੁ ਦੀ ਬਾਣੀ ਲਈ ਕੋਈ ਰਾਗੁ ਨਿਸ਼ਚਿਤ ਨਹੀਂ ਕੀਤਾ ਗਿਆ। ਇਸ ਤੋਂ ਇਕ ਸੰਕੇਤ ਮਿਲਦਾ ਹੈ ਕਿ ਜਪੁ ਦੀ ਬਾਣੀ ਵਿੱਚ ਵਿਚਾਰ ਦੀ ਪ੍ਰਧਾਨਤਾ ਵਧੇਰੇ ਹੈ ਦੂਜਾ ਇਸ ਨੂੰ ਵੱਖ ਵੱਖ ਹਿੱਸਿਆਂ ਵਿੱਚ ਲਿਖੇ ਜਾਣ ਕਾਰਨ ਇਹ ਕਈ ਵਿਚਾਰਾਂ ਦਾ ਸੰਗ੍ਰਹਿ ਜਾਪਦਾ ਹੈ।