ਜਪੁ ਦੀ ਬਾਣੀ
ਆਦਿ ਗ੍ਰੰਥ ਦੀ ਰਚਨਾ ਸਮੇਂ ਜਿਸ ਬਾਣੀ ਨੂੰ ਸਰਵ ਪ੍ਰਥਮ ਦਰਜ ਕੀਤਾ ਗਿਆ ਤੇ ਜਿਸ ਬਾਣੀ ਦਾ ਸਿਰਲੇਖ “ਜਪੁ” ਰੱਖਿਆ ਗਿਆ, ਤੇ ਜਿਸ ਨੂੰ ਗੁਰਬਾਣੀ ਦਾ ਮੂਲ ਅਧਾਰ ਮੰਨਿਆ ਜਾਂਦਾ ਹੈ, ਸਾਡੀ ਇਸ ਪੁਸਤਕ ਦਾ ਮਨੋਰਥ ਉਸ ਬਾਣੀ ਦੇ ਮੂਲ ਤੱਤ ਨੂੰ ਸਮਝਣ ਵਿੱਚ ਮਦਦ ਕਰਨਾ ਹੈ। ਜਪੁ ਦੀ ਬਾਣੀ ਦਾ ਮਹੱਤਵ ਸਿੱਖਾਂ - ਗੁਰਸਿੱਖਾਂ ਤੇ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਲਗਭਗ ਇੱਕੋ ਜਿਹਾ ਹੈ। ਇਸ ਨੂੰ ਗੁਰਬਾਣੀ ਦਾ ਦਾਰਸ਼ਨਿਕ ਪ੍ਰਮਾਣੀਕ ਅਧਾਰ ਕਹਿ ਦੇਣਾ ਅਣਉਚਿਤ ਨਹੀਂ ਹੋਵੇਗਾ।
ਆਮ ਮਾਨਤਾ ਅਨੁਸਾਰ ਇਸ ਬਾਣੀ ਦੇ ਰਚੇਤਾ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਅਤੇ ਇਹ ਕਿ ਇਸ ਬਾਣੀ ਦੀ ਰਚਨਾ ਗੁਰੂ ਸਾਹਿਬ ਨੇ ਆਪਣੇ ਛੇਕੜਲੇ ਵਰ੍ਹਿਆਂ ਵਿਚ ਕੀਤੀ। ਇਸ ਵਿੱਚ ਉਹਨਾਂ ਦਾ ਉਮਰ ਭਰ ਦੇ ਅਨੁਭਵ ਤੇ ਗਿਆਨ ਦਾ ਨਿਚੋੜ ਹੈ। ਇਹ ਬਾਣੀ ਸਾਨੂੰ ਗੁਰਬਾਣੀ ਦੇ ਬਾਕੀ ਹਿੱਸਿਆਂ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਅਤੇ ਕਿਸੇ ਵੀ ਦੁਬਿਧਾ ਜਾਂ ਭੁਲੇਖੇ ਦੀ ਸੂਰਤ ਵਿੱਚ ਇਸ ਬਾਣੀ ਦਾ ਪ੍ਰਮਾਣ ਹੀ ਅਧਾਰ ਮੰਨਿਆ ਜਾਂਦਾ ਹੈ।
ਜਪੁ ਦੀ ਇਹ ਬਾਣੀ ਉਹਨਾਂ ਦਾ ਇੱਕ ਆਤਮ ਸੰਵਾਦ ਦੇ ਰੂਪ ਵਿੱਚ ਹੈ, ਜਿਸ ਨੂੰ ਸਿੱਖ ਵਿਚਾਰਧਾਰਾ, ਜਾਂ ਗੁਰਮੱਤ ਮੰਨ ਲਿਆਣਾ ਅਤਿਕਥਨੀ ਨਹੀਂ ਹੈ। ਜਿਥੇ ਬਾਕੀ ਬਾਣੀ ਦਾ ਸੰਦਰਭ ਤੇ ਸੰਵਾਦ ਦਾ ਢੰਗ ਵੱਖਰਾ ਹੈ, ਜਪੁ ਦੀ ਬਾਣੀ ਦਾ ਪੱਧਰ ਦਾਰਸ਼ਨਿਕ ਹੈ। ਦਰਸ਼ਨ ਦੀ ਪੱਧਰ ਉਪਰ ਇੱਕ ਸਮਝ ਤਿਆਰ ਹੁੰਦੀ ਸਪਸ਼ਟ ਪ੍ਰਤੀਤ ਹੁੰਦੀ ਹੈ, ਜਿਸ ਨੂੰ ਇੱਕ ਸੰਪਨ ਸਾਧਨ ਵੱਜੋਂ ਵਰਤੇ ਜਾਣ ਲਈ ਸਾਣ ਤੇ ਲਾਇਆ ਗਿਆ ਹੈ, ਤਾਂ ਜੁ ਆਉਣ ਵਾਲੇ ਸਮੇਂ ਵਿੱਚ ਕਿਸੇ ਨੂੰ