

ਅਜਿਹੇ ਗੁਰਮੁਖਿ ਭਗਤ ਜਨ ਦਾ ਇਕ ਹੀ ਗੁਰਮਤਿ ਦਰਜਾਇਆ ਭਗਤੀ ਭਾਵ ਹੈ । ਇਸ ਭੈ-ਭਗਤੀ ਤੋਂ ਬਿਨਾਂ ਗੁਰਮਤਿ ਤੋਂ ਘੁਥੇ ਸਾਰੇ ਬੰਦੇ-ਬਸ਼ਰਾਂ ਦੇ ਸਿਰਾਂ ਉਤੇ ਆਉਣ ਜਾਣ (ਲਖ ਚੌਰਾਸੀ) ਦਾ ਗੇੜ ਖੜਾ ਹੈ। ਸੱਚੀ ਦਹਗਾਹੇ ਪੁਗਿਆ ਹੋਇਆ ਗੁਰਮੁਖਿ ਜਨ ਇਸ ਪੱਗੀ ਹੋਈ ਦਸ਼ਾ ਵਿਚ ਜਿਤਨਾ ਚਿਰ ਭੀ ਇਸ ਜਗਤ ਵਿਖੇ ਰਹਿੰਦਾ ਹੈ, ਗੁਰੂ ਦੀ ਦਿਤੀ ਮਤਿ ਅਨੁਸਾਰ ਪ੍ਰਾਹੁਣਾ ਬਣ ਕੇ ਹੀ ਰਹਿੰਦਾ ਹੈ, ਇਸ ਸੰਸਾਰ ਨੂੰ ਅਤੇ ਕਿਸੇ ਸੰਸਾਰੀ ਨੂੰ ਅਪਣਾਉਂਦਾ ਨਹੀਂ, ਸੰਸਾਰ ਦੇ ਧੰਧਾਂ ਬੰਧਾਂ ਵਿਚਿ ਖਚਤ ਨਹੀਂ ਹੁੰਦਾ। ਇਕੇ ਰਸ ਵਿਚਿ ਰਚਿਆ ਹੋਇਆ ਗੁਰਮੁਖਿ ਜਨ ਹੀ ਇਥੇ ਉਥੇ ਪ੍ਰਵਾਨ ਹੈ । ਇਥੇ ਉਥੇ, ਇਸ ਲੋਕ ਵਿਖੇ ਭੀ ਪਰਲੋਕ ਵਿਖੇ ਭੀ ਉਹ ਇਕੇ ਅਕਾਲ ਪੁਰਖ ਵਾਹਿਗੁਰੂ ਨੂੰ ਸਾਖਸ਼ਾਤ ਦੇਖਦਾ ਹੈ ਅਤੇ ਸਹਿਜ ਸੁਭਾ ਹੀ ਸਿਮਰਿ ਸਿਮਰਿ ਉਸ ਵਾਹਿਗੁਰੂ ਨੂੰ ਰਾਂਵਦਾ ਹੈ । ਵਾਹਿਗੁਰੂ ਬਿਨਾਂ ਉਸ ਨੂੰ ਹੋਰ ਕੋਈ ਨਹੀਂ ਭਾਉਂਦਾ। ਵਾਹਿਗੁਰੂ ਅਕਾਲ ਪੁਰਖ ਨੂੰ ਭੀ ਇਹੋ ਗੁਰਮੁਖਿ ਜਨ ਹੀ ਭਾਉਂਦੇ ਹਨ। ਗੁਰੂ ਨਾਨਕ ਸਾਹਿਬ ਅਲਾਂਵਦੇ ਫ਼ੁਰਮਾਂਵਦੇ ਹਨ ਕਿ ਸਤਿਗੁਰੂ ਦੀ ਕਿਰਪਾ ਨਾਲ ਹੀ ਵਾਹਿਗੁਰੂ ਦੇ ਸੱਚੇ ਦਰਸ਼ਨਾਂ ਨੂੰ ਦੇਖਣਾ ਨਸੀਬ ਹੁੰਦਾ ਹੈ। ਪਰ ਓਹਨਾਂ ਨੂੰ ਨਸੀਬ ਹੁੰਦਾ ਹੈ ਜਿਨ੍ਹਾਂ ਦੇ ਅੰਦਰੋਂ ਹਉਮੈ ਦੀ ਰਾਈ ਨਿਕਲ ਗਈ ਹੁੰਦੀ ਹੈ। ਇਹ ਹਉਮੈ ਦੀ ਰਾਈ ਗੁਰ ਸ਼ਬਦ ਦੀ ਕਮਾਈ ਨਾਲ ਹੀ ਦੂਰ ਹੁੰਦੀ ਹੈ । ਐਸੀ ਸ਼ਬਦ-ਕਮਾਈ ਵਾਲੇ ਗੁਰਮੁਖਿ ਜਨ ਹੀ ਅਕੱਥ ਕਥਾਈ ਅਵਸਥਾ ਦੇ ਮਬਜ਼ੂਲ ਹਨ। ਉਹਨਾਂ ਦੀ ਅਕੱਥ ਕਥਾ ਕਮਾਈ ਕਦੇ ਜ਼ਾਹਰ ਨਹੀਂ ਹੁੰਦੀ । ਅਕੱਥ ਕਮਾਈ ਨੂੰ ਓਹਨਾਂ ਨੇ ਦ੍ਰਿੜ ਕਰਕੇ ਗਹਿਆ ਹੋਇਆ ਹੁੰਦਾ ਹੈ ।