

ਮੇਰਾ ਮਨੁ ਰਾਮ ਨਾਮਿ ਮਨੁ ਮਾਨੀ ॥
ਮੇਰੈ ਹੀਅਰੈ ਸਤਿਗੁਰਿ ਪ੍ਰੀਤਿ ਲਗਾਈ ਮਨਿ ਹਰਿਹਰਿਕਥਾ ਸੁਖਾਨੀ॥੧॥ਰਹਾਉ॥
ਦੀਨ ਦਇਆਲ ਹੋਵਹੁ ਜਨ ਊਪਰਿ ਜਨ ਦੇਵਹੁ ਅਕਥ ਕਹਾਨੀ ॥
ਸੰਤ ਜਨਾ ਮਿਲਿ ਹਰਿ ਰਸੁ ਪਾਇਆ ਹਰਿ ਮਨਿ ਤਨਿ ਮੀਠ ਲਗਾਨੀ ॥੧॥
ਹਰਿ ਕੈ ਰੰਗਿ ਰਤੇ ਬੈਰਾਗੀ ਜਿਨ ਗੁਰਮਤਿ ਨਾਮੁ ਪਛਾਨੀ ॥
ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ ਸਭ ਚੂਕੀ ਆਵਣ ਜਾਨੀ ॥੨॥
ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ ॥
ਸਵਣੀ ਕੀਰਤਨੁ ਸੁਨਉ ਦਿਨੁ ਰਾਤੀ ਹਿਰਦੈ ਹਰਿ ਹਰਿ ਭਾਨੀ ॥੩॥
ਪੰਚ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ ਨਾਮਿ ਲਗਾਨੀ ॥
ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮਿ ਸਮਾਨੀ ॥੪॥੫॥
ਸਾਰਗ ਮਹਲਾ ੪, ਪੰਨਾ ੧੧੯੯-੧੨੦੦
ਏਕੋ ਰਮਤ ਰਾਮ, ਗੁਰਮਤਿ ਦ੍ਰਿੜੰਮਤ ਰਾਮ, ਵਾਹਿਗੁਰੂ ਨਾਮ ਉਤੇ ਹੀ ਮੇਰਾ ਮਨ ਮੰਨਿਆ ਹੋਇਆ ਹੈ (ਪਤੀਜਿਆ ਹੋਇਆ ਹੈ) । ਮੇਰੇ ਹਿਰਦੇ ਅੰਦਰਿ ਸਤਿਗੁਰੂ ਨੇ ਵਾਹਿਗੁਰੂ ਦੇ ਸੱਚੇ ਨਾਮ ਦੀ, ਵਾਹਿਗੁਰੂ ਦੀ ਸੱਚੇ ਦਰਸ਼ਨ ਦੀ ਸੱਚੀ ਪ੍ਰੀਤਿ ਲਗਾਈ ਹੋਈ ਹੈ। ਇਸੇ ਕਰਕੇ ਵਾਹਿਗੁਰੂ ਨਾਮ ਰੂਪੀ ਗੁਰਮਤਿ ਦੀ ਨਾਮ ਅਭਿਆਸ ਰੂਪੀ ਸੱਚੀ ਕਥਾ ਹੀ ਮੇਰੇ ਮਨ ਨੂੰ ਭਾਈ ਹੋਈ ਹੈ (ਸੁਖਾਈ ਹੋਈ ਹੈ) ।
ਵਾਹਿਗੁਰੂ ਸੱਚਾ ਦਇਆਲੂ ਪਾਤਸ਼ਾਹ ਜਿਸ ਜਨ ਉਪਰ ਮਿਹਰਵਾਨ ਹੁੰਦਾ ਹੈ, ਉਸੇ ਨੂੰ ਏਸੇ ਵਾਹਿਗੁਰੂ ਨਾਮ ਗੁਰਬਾਣੀ ਰੂਪੀ ਅਕੱਥ ਕਹਾਣੀ ਦੀ ਬਖ਼ਸ਼ਿਸ਼ ਸਦਾ ਕਰੀ ਰਖਦਾ ਹੈ, ਸਿਮਰਨ ਰੂਪੀ ਏਸੇ ਅਕੱਥ ਕਥਾ ਨੂੰ ਉਸ ਦੇ ਹਿਰਦੇ ਵਿਚਿ ਦੇਈ ਵਿਸਮੇਈ ਰਖਦਾ ਹੈ। ਵਾਹਿਗੁਰੂ ਨਾਮ ਰੂਪੀ ਇਸ ਅਕੱਥ ਕਥਾ ਦੇ ਰਸੀਏ ਸੰਤ ਜਨਾਂ ਨੇ ਪਰਸਪਰ ਮਿਲ ਕੇ ਇਹ ਅਕੱਥ ਕਥਾ ਰੂਪੀ ਹਰਿ ਜਸ ਗਾਇਆ ਹੈ । ਤਿਨ੍ਹਾਂ ਨੇ ਹੀ ਸੱਚਾ ਹਰਿ ਰਸੁ ਅੰਮ੍ਰਿਤ ਰਸ ਪਾਇਆ ਹੈ। ਤਿਨ੍ਹਾਂ ਦੇ ਮਨ ਤਨ ਅੰਦਰਿ ਹੀ, ਇਹ ਅਕੱਥ ਕਥਾ ਰੂਪੀ ਹਰਿ ਰਸੁ ਅਤਿ ਮੀਠਾ ਲਗ ਕੇ ਸਮਾਇਆ ਹੋਇਆ ਹੈ।
ਵਾਹਿਗੁਰੂ ਦੇ ਰੰਗਾਂ ਵਿਚ ਹੀ ਰੰਗੇ ਹੋਏ, ਸੱਚੇ ਵੈਰਾਗੀ ਜਨਾਂ ਨੇ ਇਸ ਨਾਮ ਨੂੰ ਪਛਾਣਿਆ ਹੈ । ਤਿਨ੍ਹਾਂ ਨੇ ਹੀ ਇਸ ਗੁਰਮਤਿ ਅਕੱਥ ਕਥਾ ਨੂੰ ਮਨ- ਬਚਨ-ਕਰਮ ਕਰਕੇ ਜਾਣਿਆ ਹੈ। ਐਸੀ ਅੰਮ੍ਰਿਤ-ਰਸ-ਰੂਪ-ਵਾਹਿਗੁਰੂ-ਨਾਮ ਦੀ ਅਕੱਥ ਕਥਾ ਜਿਸ ਗੁਰਮੁਖਿ ਪੁਰਸ਼ ਨੇ ਜਾਣੀ ਪਛਾਣੀ ਹੈ, ਤਿਸ ਪੁਰਖ ਨੂੰ ਸੱਚਾ ਅਕਾਲ ਪੁਰਖ ਵਾਹਿਗੁਰੂ ਪਰਤੱਖ ਆਇ ਮਿਲਿਆ ਹੈ, ਅਤੇ ਸੱਚੇ ਸੁਖ ਦੀ ਪ੍ਰਾਪਤੀ ਤਿਸ ਨੂੰ ਹੀ ਹੋਈ ਹੈ । ਉਸ ਦੀ ਜਨਮ ਮਰਣ ਰੂਪੀ ਆਵਣ ਜਾਣੀ ਸਭ ਚੁਕ ਗਈ, ਮੁੱਕ ਠੁੱਕ ਗਈ ।