Back ArrowLogo
Info
Profile
ਵਾਹਿਗੁਰੂ ਪਰਤੱਖ ਵੇਖ ਕੇ ਭੀ ਗੁਰਮੁਖਿ-ਦਰਸ-ਬੈਰਾਗੀ ਦਿਆਂ ਬਿਰਹੁ- ਕਠੇ ਨੈਣਾਂ ਅੰਦਰਿ ਦਰਸ਼ਨ ਲਿਵਤਾਰ ਹੀ ਲਗੀ ਰਹਿੰਦੀ ਹੈ । ਦਰਸ਼ਨ-ਲਿਵਤਾਰੀ-ਅੱਖੀਆਂ ਵਾਲੇ ਦਰਸ-ਬੰਰਾਗੀ ਜਨ ਦਰਸ਼ਨ ਕਰਦੇ ਹੋਏ ਭੀ ਰਸਨਾ ਕਰਕੇ ਨਾਮ ਵਖਾਣਦੇ ਹੀ ਰਹਿੰਦੇ ਹਨ, ਇਹ ਅਜਬ ਅਜੈਬੀ ਦਸ਼ਾ ਹੈ । ਅਕੱਥ ਕਥਾ ਦੇ ਕਥਾਗੀ, ਬੈਰਾਗੀ, ਗੁਰਮੁਖਿ ਜਨ ਸਵਣਾਂ (ਕੰਨਾ) ਕਰਕੇ ਦਿਨ ਰਾਤੀ ਕੀਰਤਨ ਹੀ ਸੁਣਦੇ ਰਹਿੰਦੇ ਹਨ । ਕੀਰਤਨ ਸੁਣਨ ਦਾ ਉਮਾਹ ਦਿਨ ਰਾਤ ਚੜ੍ਹਦੀ ਕਲਾ ਵਿਚ ਹੀ ਗੁਰਮੁਖਿ ਜਨਾਂ ਨੂੰ ਸਦਾ ਉਤਸ਼ਾਹਤ ਰਖਦਾ ਹੈ । ਓਹਨਾਂ ਦੇ ਹਿਰਦੇ ਅੰਦਰ ਅਤੇ ਸ੍ਰਵਣਾਂ ਅੰਦਰਿ ਵਾਹਿਗੁਰੂ ਨਾਮ ਰੂਪੀ ਅਕੱਥ ਕਥਾ ਦੀ ਧੁਨੀ ਹੀ ਗੂੰਜਦੀ ਰਹਿੰਦੀ ਹੈ । ਸਤਿਗੁਰੂ ਨੇ ਪੰਜੇ ਦੂਤ-ਕਾਮ ਕ੍ਰੋਧ, ਲੋਭ, ਮੋਹ, ਹੰਕਾਰ-ਤਿਨ੍ਹਾਂ ਗੁਰਮੁਖਿ ਜਨਾਂ ਦੇ ਵਸ ਵਿਚਿ ਲੈ ਆਂਦੇ ਹਨ । ਫਿਰ ਓਹ ਨਾਮ ਅਭਿਆਸ ਵਿਖੇ ਹੋਰ ਭੀ ਅਰੂੜ ਹੋ ਜਾਂਦੇ ਹਨ । ਸਹਿਜ ਅਵਸਥਾ (ਤੁਰੀਆ ਅਵਸਥਾ) ਵਿਚਿ ਪਹੁੰਚ ਕੇ ਭੀ ਓਹਨਾਂ ਦੀ ਨਾਮ ਨਾਲ ਲਿਵ ਲਗੀ ਰਹਿੰਦੀ ਹੈ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਜਿਨ੍ਹਾਂ ਉਪਰਿ ਗੁਰੂ ਕਰਤਾਰ ਦੀ ਅਪਾਰ ਕਿਰਪਾ ਹੋਈ ਹੈ, ਤਿਨ੍ਹਾਂ ਦੀ ਹੀ ਇਸ ਗੁਰਮਤਿ ਨਾਮ ਦੀ ਕਮਾਈ ਵਿਚ ਰਸਾਈ (ਪਹੁੰਚ) ਹੋਈ ਹੈ । ਇਸ ਪਹੁੰਚ ਰਸਾਈ ਵਾਲੇ ਗੁਰਮੁਖਿ ਜਨ ਹੀ ਅਕੱਥ ਕਥਾ ਦੇ ਤੱਤ ਸਾਰ ਭਾਵ ਨੂੰ ਜਾਣ ਮਾਣ ਸਕਦੇ ਹਨ ।

ਕਿਆ ਹਮ ਕਥਹ ਕਿਛੁ ਕਥਿ ਨਹੀ ਜਾਣਹ ਪ੍ਰਭ ਭਾਵੈ ਤਿਵੈ ਬੁਲਾਨ ॥

ਸਾਧ ਸੰਗਤਿ ਕੀ ਧੂਰਿ ਇਕ ਮਾਂਗਉ ਜਨ ਨਾਨਕ ਪਇਓ ਸਰਾਨ ॥੫॥੨॥

ਸਾਰਗ ਮ: ੫, ਪੰਨਾ ੧੨੦੩

ਪਿਛਲੇ ਸ਼ਬਦ ਵਿਚ ਦਸੀ ਅਕੱਥ ਕਥਾ ਨੂੰ ਜਾਨਣ ਮਾਨਣ ਵਾਲੇ ਗੁਰਮੁਖਿ ਜਨ, ਅਕੱਥ ਕਥਾ ਨੂੰ ਜਾਣਦੇ ਮਾਣਦੇ ਹੋਏ ਭੀ ਇਉਂ ਕਹਿੰਦੇ ਹਨ ਕਿ ਅਸੀਂ ਇਸ ਅਕੱਥ ਕਥਾ ਨੂੰ ਕੀ ਕਥੀਏ, ਇਸ ਕਥਾ ਦੇ ਕਥਨ ਦੀ ਸਾਨੂੰ ਸੂਝ ਬੂਝ ਹੀ ਨਹੀਂ । ਓਹ ਤਾਂ ਗੁਰਬਾਣੀ, ਵਾਹਿਗੁਰੂ ਜਸ ਰੂਪੀ ਅਕੱਥ ਕਹਾਣੀ ਨੂੰ ਵਖਾਣੀ ਜਾਣਾ (ਬੋਲੀ ਜਾਣਾ) ਹੀ ਸੱਚੀ ਕਥਾ ਸਮਝਦੇ ਹਨ। ਆਨਮਤ ਅਗਿਆਨੀ ਬੂਝ ਬੁਝੱਕੜ, ਆਪੋ ਬਣ ਬੈਠੇ ਕਥੋਗੜ ਗਿਆਨੀਆਂ ਦੀ ਰੀਸ ਨਹੀਂ ਕਰਦੇ । ਜਿਨ੍ਹਾਂ ਦੇ ਅੰਦਰਿ ਗੁਰਮੁਖਾਂ ਵਾਲੀ ਭੈ-ਭਾਵਨੀ ਹੁੰਦੀ ਹੈ, ਓਹ ਤਾਂ ਗੁਰੂ ਦੀਆਂ ਸੰਗਤਾਂ ਦੀ, ਹਰਿ ਜਸ ਰੂਪੀ ਕਥਾ ਕੀਰਤਨ ਕਰਨਹਾਰਿਆਂ ਦੀ ਸਰਣੀ ਪਏ ਰਹਿਣਾ ਪਰਮ ਉਚੀ ਸੁਚੀ ਗੁਰਸਿੱਖੀ ਅਤੇ ਗੁਰਮੁਖਤਾਈ ਸਮਝਦੇ ਹਨ । ਓਹਨਾਂ ਨੂੰ ਕਥੋਗੜ ਗਿਆਨੀ ਬਣਨ ਦੀ ਅਤੇ ਹਉਮੈ ਦੇ ਫੋਕੇ ਪੱਠੇ ਪਵਾਉਣ ਦੀ ਵਾਦੀ ਹੀ ਨਹੀਂ ਹੁੰਦੀ ।

108 / 170
Previous
Next