Back ArrowLogo
Info
Profile

ਮੇਰੈ ਮਨਿ ਬਾਸਿਬੋ ਗੁਰ ਗੋਬਿੰਦ ॥

ਜਹਾਂ ਸਿਮਰਨੁ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ॥੧॥ਰਹਾਉ॥

ਜਹਾਂ ਬੀਜਰੇ ਠਾਕੁਰੁ ਪਿਆਰੋ ਤਹਾਂ ਦੁਖ ਸਭ ਆਪਦ ॥

ਜਹ ਗੁਨ ਗਾਇ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ॥੧॥

ਜਹਾ ਸਵਨ ਹਰਿ ਕਥਾ ਨ ਸੁਨੀਐ ਤਹ ਮਹਾਂ ਭਇਆਨ ਉਦਿਆਨਦ ॥

ਜਹਾਂ ਕੀਰਤਨੁ ਸਾਧ ਸੰਗਤਿ ਰਸੁ ਤਹ ਸਘਨ ਬਾਸ ਫਲਾਂਨਦ ॥੨॥

ਬਿਨੁ ਸਿਮਰਨ ਕੋਟਿ ਬਰਖ ਜੀਵੈ ਸਗਲੀ ਅਉਧ ਬ੍ਰਿਥਾਨਦ ॥

ਏਕ ਨਿਮਖ ਗੋਬਿੰਦ ਭਜਨੁ ਕਰਿ ਤਉ ਸਦਾ ਸਦਾ ਜੀਵਾਨਦ ॥੩॥

ਸਰਨਿ ਸਰਨਿ ਸਰਨਿ ਪ੍ਰਭ ਪਾਵਉ ਦੀਜੈ ਸਾਧ ਸੰਗਤਿ ਕਿਰਪਾਨਦ ॥

ਨਾਨਕ ਪੂਰਿ ਰਹਿਓ ਹੈ ਸਰਬ ਮੈ ਸਗਲ ਗੁਣਾ ਬਿਧਿ ਜਾਨਦ ॥੪॥੭॥

ਸਾਰਗ ਮਹਲਾ ੫, ਪੰਨਾ ੧੨੦੪

ਜਿਸ ਘਟ ਵਿਖੇ ਗੁਰ ਗੋਬਿੰਦ ਵਸਦਾ ਹੈ, ਜਿਸ ਅਸਥਾਨ ਵਿਖੇ ਠਾਕਰ ਦਾ ਸਿਮਰਨ ਹੁੰਦਾ ਹੈ, ਉਸ ਘਟ ਅਤੇ ਨਗਰ ਰੂਪੀ ਅਸਥਾਨ ਵਿਖੇ ਸਦਾ ਸੁਖ ਅਨੰਦ ਹੀ ਅਨੰਦ ਵਰਤਦੇ ਅਤੇ ਵਸਦੇ ਹਨ । ਜਿਥੇ ਵਾਹਿਗੁਰੂ ਸਿਮਰਨ ਨਹੀਂ ਤੇ ਵਾਹਿਗੁਰੂ ਨਾਉਂ ਵਿਕਰਿਆ ਹੀ ਰਹਿੰਦਾ ਹੈ, ਉਥੇ ਸਭ ਪ੍ਰਕਾਰ ਦੇ ਦੁਖ ਕਲੇਸ਼ ਖੜੇ ਹੀ ਰਹਿੰਦੇ ਹਨ। ਜਿਥੇ ਅਨੰਦ ਮੰਗਲ ਰੂਪ ਗੁਰਬਾਣੀ ਦੇ ਗੁਣ ਗਾਈਦੇ ਹਨ ਅਤੇ ਗੁਰਬਾਣੀ ਰੂਪ ਹਰਿ-ਜਸ ਹੁੰਦੇ ਰਹਿੰਦੇ ਹਨ, ਤਿਥੇ ਸਦਾ ਸੁਖ- ਸੰਪਦਾ ਰੂਪੀ ਐਸ਼ਰਜ ਦੀ ਪ੍ਰਭਤਾ ਬਣੀ ਹੀ ਰਹਿੰਦੀ ਹੈ ।

ਜਿਥੇ ਕੰਨਾਂ ਕਰਕੇ ਹਰਿ-ਜਸ ਗੁਰਬਾਣੀ ਰੂਪੀ ਹਰਿ ਕਥਾ ਨਹੀਂ ਸੁਣੀਦੀ, ਉਹ ਅਸਥਾਨ ਮਹਾਂ ਭਇਆਨ ਬੀਆਬਾਨ ਜੰਗਲ ਦੀ ਨਿਆਈਂ ਹੀ ਸਮਝੋ। ਜਿਥੇ ਸਾਧ ਸੰਗਤਿ ਦੇ ਸਮਾਗਮ ਜੁੜਦੇ ਰਹਿੰਦੇ ਹਨ ਤੇ ਸਦਾ ਗੁਰਬਾਣੀ ਦਾ ਕੀਰਤਨ ਹੁੰਦਾ ਰਹਿੰਦਾ ਹੈ, ਤਿਥੇ ਸੁਗੰਧੀ ਵਾਲੇ ਫੁੱਲਾਂ ਦੀ ਸੰਘਣੀ ਫੁਲਵਾੜੀ ਖਿੜੀ ਰਹਿੰਦੀ ਹੈ। ਸਿਮਰਨ ਬਿਨਾਂ ਭਾਵੇਂ ਕੋਈ ਕਰੋੜ ਬਰਸਾਂ ਤਾਈਂ ਜੀਵੇ, ਉਸ ਦੀ ਸਾਰੀ ਉਮਰਾ ਬਿਰਥੀ ਤੇ ਅਜਾਈਂ ਹੀ ਜਾਂਦੀ ਹੈ ।

ਇਸ ਗੁਰਵਾਕ ਦੀਆਂ ਸਾਰੀਆਂ ਪੰਗਤੀਆਂ ਵਿਖੇ ਭਿੰਨ ਭਿੰਨ ਹਰਿ ਕਥਾ ਦਾ ਭਾਵ ਹੀ ਪਰਵੇਸ਼ ਹੈ। ਗੋਬਿੰਦ ਦਾ ਮਨ ਵਿਚਿ ਵਜਣਾ, ਵਾਹਿਗੁਰੂ ਦਾ ਸਿਮਰਨ ਹੋਈ ਜਾਣਾ, ਪਿਆਰੇ ਪ੍ਰੀਤਮ ਠਾਕੁਰ ਜੀ ਦਾ ਕਦੇ ਨਾ ਵਿਸਰਨਾ, ਅਨੰਦ ਮੰਗਲ ਰੂਪ ਗੁਰਬਾਣੀ ਦਾ ਗਾਉਣਾ, ਸਾਧ ਸੰਗਤਿ ਵਿਖੇ ਬੈਠ ਕੇ ਕੀਰਤਨ ਕਰਨਾ ਸੁਣਨਾ ਆਦਿ ਦਾ ਭਾਵ ਹਰਿ ਕਥਾ ਦਾ ਸਵਣੀ ਸੁਣਨਾ ਹੀ ਹੈ । ਗੁਰਬਾਣੀ ਦੇ ਉਚਾਰਨ, ਹਰਿ-ਜਸ, ਰੱਖੀ ਗੁਣ ਗਾਉਣ ਤੇ ਹਰਿ ਕੀਰਤਨ ਤੋਂ ਭਿੰਨ ਹੋਰ ਕੋਈ ਕਥਾ ਨਹੀਂ, ਇਹ ਕਥਾ ਸਾਰੇ ਗੁਰਸਿੱਖਾਂ ਨੇ ਰਲ ਮਿਲ ਕੇ ਕਰਨੀ ਸੁਣਨੀ ਹੈ।

109 / 170
Previous
Next