

ਅਬ ਮੋਹਿ ਰਾਮ ਭਰੋਸਉ ਪਾਏ ॥
ਜੋ ਜੋ ਸਰਣਿ ਪਰਿਓ ਕਰੁਣਾਨਿਧਿ ਤੇ ਤੇ ਭਵਹਿ ਤਰਾਏ ॥੧॥ਰਹਾਉ॥
ਸੁਖਿ ਸੋਇਓ ਅਰੁ ਸਹਜਿ ਸਮਾਇਓ ਸਹਸਾ ਗੁਰਹਿ ਗਵਾਏ ॥
ਜੋ ਚਾਹਤ ਸੋਈ ਹਰਿ ਕੀਓ ਮਨ ਬਾਛਤ ਫਲ ਪਾਏ ॥੧॥
ਹਿਰਦੈ ਜਪਉ ਨੇਤ੍ਰ ਧਿਆਨੁ ਲਾਵਉ ਸਵਨੀ ਕਥਾ ਸੁਨਾਏ ॥
ਚਰਣੀ ਚਲਉ ਮਾਰਗਿ ਠਾਕੁਰ ਕੈ ਰਸਨਾ ਹਰਿ ਗੁਣ ਗਾਏ ॥੨॥
ਦੇਖਿਓ ਦ੍ਰਿਸਟਿ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ॥
ਪਾਇਓ ਲਾਲੁ ਅਮੋਲੁ ਨਾਮੁ ਹਰਿ ਛੋਡਿ ਨ ਕਤਹੂ ਜਾਏ ॥੩॥
ਕਵਨ ਉਪਮਾ ਕਉਨ ਵਡਾਈ ਕਿਆ ਗੁਨ ਕਹਉ ਰੀਝਾਏ ॥
ਹੋਤ ਕ੍ਰਿਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ॥੪॥੮॥
ਸਾਰੰਗ ਮਹਲਾ ੫, ਪੰਨਾ ੧੨੦੪-੦੫
ਗੁਰਮੁਖਿ ਭਗਤ ਜਨਾਂ ਨੂੰ ਗੁਰਬਾਣੀ ਪੜ੍ਹ ਪੜ੍ਹ ਕੇ, ਗੁਰੂ ਜਸ ਰੂਪੀ ਹਰਿ ਕਥਾ ਨੂੰ ਸੁਣ ਸੁਣ ਕੇ, ਗੁਰਬਾਣੀ ਦਾ ਕੀਰਤਨ ਗਾਇ ਗਾਇ ਕੇ ਐਸਾ ਭਾਉ- ਭਾਵਨੀ ਵਾਲਾ ਭਰੋਸਾ ਉਪਜ ਆਉਂਦਾ ਹੈ ਕਿ ਓਹਨਾਂ ਨੂੰ ਸਰਬ ਸੁਖਦਾਇਕ, ਸਰਬ ਕਲਿਆਣ-ਉਪਜਾਇਕ, ਸਰਬ-ਮਨੋਰਥ-ਪੂਰਾਇਕ ਗੁਰਬਾਣੀ ਹੀ, ਗੁਰਬਾਣੀ ਰੂਪੀ ਕਥਨ ਕੀਰਤਨ ਸਰਧਾਉਂਦਾ ਹੈ । ਜੋ ਜੋ ਗੁਰਮੁਖਿ ਜਨ ਗੁਰਬਾਣੀ ਦੁਆਰਾ ਰਮਤ ਰਾਮ ਵਾਹਿਗੁਰੂ ਉਤੇ ਭਰੋਸਾ ਲਿਆਉਂਦਾ ਹੈ, ਉਸ ਨੂੰ ਇਹੋ ਪ੍ਰਤੀਤ ਹੁੰਦਾ ਹੈ ਕਿ ਉਹ ਦਇਆ ਦੇ ਸਮੁੰਦਰ (ਕਰੁਣਾਨਿਧਿ) ਵਾਹਿਗੁਰੂ ਸੁਆਮੀ ਦੀ ਸਰਨੀ ਆਇ ਪਇਆ ਹੈ । ਭਵਸਾਗਰ ਤੋਂ ਪਾਰ ਉਤਰਨ ਦਾ ਉਸ ਦਾ ਪੱਕਾ ਬਾਨ੍ਹਣੂੰ