

ਹਿਰਦੇ ਅੰਦਰਿ ਸੁਆਸ-ਅਭਿਆਸੀ ਵਾਹਿਗੁਰੂ ਜਾਪ ਦਾ ਕਰਨਾ ਤੇ ਸ੍ਵਣਾਂ ਕਰਕੇ ਗੁਰਬਾਣੀ ਰੂਪੀ ਕਥਾ ਸੁਣਨਾ, ਨੇਤ੍ਰਾਂ ਅਗੇ ਵਾਹਿਗੁਰੂ ਦੇ ਦਰਸ਼ਨਾਂ ਦਾ ਪਰਤੱਖ ਧਿਆਨ ਲਿਆ ਜਮਾਉਂਦਾ ਹੈ । ਉਸ ਜਨ ਦੀ ਹਰੇਕ ਹਰਕਤ, ਹਰੇਕ ਅੰਗ ਕਰਕੇ, ਵਾਹਿਗੁਰੂ ਦੇ ਰੰਗਾਂ ਵਿਚ ਕੇਲ ਕਰਨ ਦੀ ਹੀ ਹੁੰਦੀ ਹੈ, ਚਰਨਾਂ ਕਰਕੇ ਜਦੋਂ ਚਲਦਾ ਹੈ ਤਦ ਵੀ ਉਹ ਚਰਨਾਂ ਦੀ ਥਾਪ ਦੁਆਰਾ ਨਾਮ ਦਾ ਹੀ ਜਾਪ-ਅਲਾਪ ਕਰਦਾ ਹੈ। ਇਹ ਉਸ ਦਾ ਹਰਿ ਮਾਰਗ ਤੇ ਚਲਣਾ ਕਹਾਉਂਦਾ ਹੈ । ਰਸਨਾ ਕਰਕੇ ਉਹ ਹਰਿ ਗੁਣ ਗਾਉਂਦਾ ਹੀ ਰਹਿੰਦਾ ਹੈ, ਹਰੀ ਕਥਾ ਹੀ ਕਥਦਾ ਕਥਾਉਂਦਾ ਹੈ ।
ਨੇਤਰਾਂ ਕਰਕੇ ਜਿਧਰ ਉਹ ਦੇਖਦਾ ਹੈ, ਵਾਹਿਗੁਰੂ ਦੇ ਹੀ ਦਰਸ਼ਨ ਕਰਦਾ ਹੈ । ਹਰ ਨਾਮ ਦੀ ਕਥਾ ਉਸ ਦੇ ਹਿਰਦੇ ਵਿਚ ਵਸੀ ਹੋਈ ਹੁੰਦੀ ਹੈ । ਸੰਤਾਂ ਦੀ ਸੰਗਤਿ ਵਿਚਿ ਮਿਲ ਕੇ ਉਸ ਦੀ ਸੁਰਤੀ ਸਦਾ ਹੀ ਪ੍ਰਮਾਰਥ-ਆਕਾਰ ਬਣੀ ਰਹਿੰਦੀ ਹੈ। ਸਤਸੰਗ ਦੇ ਪ੍ਰਤਾਪ ਨਾਲ ਐਸੀ ਉਲਟੀ ਖੇਡ ਵਰਤਦੀ ਹੈ ਕਿ ਅਮੋਲ ਨਾਮ ਰੂਪੀ ਲਾਲ ਅਤੇ ਵਾਹਿਗੁਰੂ ਲਾਲਨ ਉਸ ਨੂੰ ਕਦੀ ਵਿਸਰਦਾ ਹੀ ਨਹੀਂ । ਵਾਹਿਗੁਰੂ ਦਾ ਸੱਚਾ ਦਾਸ ਮਹਿਬੂਬ ਬਣਨ ਦੀ ਸੱਚੀ ਨੀਸਾਣੀ ਹੈ। ਗੁਰੂ ਨਾਨਕ ਦੇਵ ਜੀ ਦੇ ਘਰ ਦੀ ਇਹ ਸੱਚੀ ਵਡਿਆਈ ਹੈ । ਐਸੀ ਅਨੂਪਮ ਮਹਿਮਾ ਹਰਿ ਕਥਾ ਦੀ ਇਸ ਗੁਰਵਾਕ ਨੇ ਗਾਈ ਹੈ।
ਜਿਹਵੇ ਅੰਮ੍ਰਿਤ ਗੁਣ ਹਰਿ ਗਾਉ ॥
ਹਰਿ ਹਰਿ ਬੋਲਿ ਕਥਾ ਸੁਨਿ ਹਰਿ ਕੀ ਉਚਰਹੁ ਪ੍ਰਭ ਕੋ ਨਾਉ॥੧॥ਰਹਾਉ॥੭੬॥
ਸਾਰਗ ਮਹਲਾ ੫, ਪੰਨਾ ੧੨੧੯
ਹੇ ਮੇਰੀ ਰਸਨਾ, ਵਾਹਿਗੁਰੂ ਦੇ ਅੰਮ੍ਰਿਤ ਗੁਣ ਗਾਈ ਜਾ । ਗੁਰਬਾਣੀ ਦਾ ਗਾਈ ਜਾਵਣਾ, ਵਾਹਿਗੁਰੂ ਨਾਮ ਦਾ ਮੁਖੋਂ ਬੋਲੀ ਜਾਵਣਾ, ਅਖੰਡ ਅਭਿਆਸ, ਅਖੰਡ ਕੀਰਤਨ ਅਤੇ ਗੁਰਬਾਣੀ ਦਾ ਅਖੰਡ ਪਾਠ ਕਰੀ ਜਾਣਾ ਇਹੀ ਹਰਿ ਕਥਾ ਦਾ ਕਰਨਾ ਸੁਣਨਾ ਹੈ । ਗੁਰਬਾਣੀ ਰੂਪੀ ਗੁਣ ਹੀ ਅੰਮ੍ਰਿਤ ਗੁਣ ਹਨ। ਵਾਹਿਗੁਰੂ ਦਾ ਸਿਫ਼ਤਿ ਸਾਲਾਹ ਰੂਪੀ ਨਾਮ ਹੀ ਅੰਮ੍ਰਿਤ ਨਾਮੁ ਹੈ । ਗੁਰਬਾਣੀ ਰੂਪੀ ਹਰਿ-ਜਸ ਸਦਾ ਵਖਾਨਣਾ ਹੀ ਅੰਮ੍ਰਿਤ ਕਥਾ ਸੁਣਨਾ ਹੈ । ਆਪੋਂ ਕਥੀ, ਆਪਣੇ ਮਗਜੋਂ