

ਆਇਓ ਸੁਨਨ ਪੜਨ ਕਉ ਬਾਣੀ ॥
ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ ॥੧॥ਰਹਾਉ॥
ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥
ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥
ਉਦਮੁ ਸਕਤਿ ਸਿਆਣਪ ਤੁਮਰੀ ਦੇਹਿ ਤ ਨਾਮੁ ਵਖਾਣੀ ॥
ਸੇਈ ਭਗਤ ਭਗਤਿ ਸੋ ਲਾਗੇ ਨਾਨਕ ਜੋ ਪ੍ਰਭ ਭਾਣੀ ॥੨॥੫੬॥੭੯॥
ਸਾਰੰਗ ਮ: ੫, ਪੰਨਾ ੧੨੧੯
ਮਨੁਖਾ ਜਨਮ ਗੁਰਬਾਣੀ ਦੇ ਪੜ੍ਹਨ ਸੁਣਨ ਲਈ ਹੀ ਮਿਲਿਆ ਹੈ। ਤਦੇ ਸਕਾਰਥਾ ਹੈ ਜੇ ਗੁਰਬਾਣੀ ਨੂੰ ਸੁਣਦਾ ਪੜ੍ਹਦਾ ਹੀ ਰਹੇ ਤੇ ਗੁਰਬਾਣੀ ਦੇ ਪੜ੍ਹਨ ਸੁਣਨ-ਮਈ ਹਰਿ ਕਥਾ ਸਦਾ ਕਰਦਾ ਸੁਣਦਾ ਹੀ ਰਹੇ । ਬਾਣੀ ਏਥੇ ਸਪੱਸ਼ਟ ਨਾਮ ਰੂਪੀ ਹੀ ਕਰਕੇ ਵਰਨਣ ਕੀਤੀ ਗਈ ਹੈ। 'ਆਇਓ ਸੁਨਨ ਪੜਨ ਕਉ ਬਾਣੀ। ਤੇ ਨਾਲ ਹੀ 'ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ।' ਭਾਵ, ਬਾਣੀ ਰੂਪੀ ਨਾਮ ਨੂੰ ਵਿਸਾਰ ਕੇ ਹੋਰ ਲਾਲਚਾਂ ਵਿਚਿ ਲਗਣਾ ਬਿਰਥਾ ਜਨਮ ਕਹਾਉਂਦਾ ਹੈ । ਹੇ ਪ੍ਰਾਣੀ ! ਮਨੁਖਾ ਜਨਮ ਇਉਂ ਬਿਰਥਾ ਹੀ ਜਾਂਦਾ ਹੈ ।
ਹੇ ਮੇਰੇ ਅਚੇਤ ਮਨ ! ਵਾਹਿਗੁਰੂ ਦਾ ਨਾਮ ਕਦੇ ਨ ਚੇਤਣ ਵਾਲੇ ਮੂਰਖ ਮਨ ! ਸਦਾ ਹੀ ਚੇਤਦਾ ਰਹੁ, ਵਾਹਿਗੁਰੂ ਨਾਮ ਦੇ ਕਥਨ ਸੁਣਨ ਵਿਚ ਸਾਵਧਾਨ ਤੇ ਚੇਤੰਨ ਰਹੋ । ਸਿਫ਼ਤਿ ਸਾਲਾਹ ਭਰੀ ਬਾਣੀ ਗੁਰਬਾਣੀ ਹੀ ਸਦਾ ਕਥਾ ਸੁਣੀ ਜਾ । ਗੁਰੂ ਸਾਹਿਬਾਨ ਨੇ ਇਹ ਗੁਰਬਾਣੀ ਰੂਪ ਅਕੱਥ ਕਹਾਣੀ ਹੀ ਕਥੀ ਹੈ। ਵਾਹਿਗੁਰੂ ਨੂੰ ਹਿਰਦੇ ਵਿਚਿ ਅਰਾਧਣਾ ਅਤੇ ਸੁਆਸਿ ਸੁਆਸਿ ਅਰਾਧੀ ਜਾਣਾ ਹੀ ਮਨੁੱਖਾ ਜਨਮ ਦਾ ਸੱਚਾ ਲਾਭ ਲਾਹਾ ਲੈਣਾ ਹੈ । ਇਸ ਪ੍ਰਕਾਰ ਨਾਮ ਅਰਾਧਣ ਕਰਕੇ ਗੁਰਮਤਿ ਨਾਮ ਨੂੰ ਅਕੱਥਤਾ ਵਿਚਿ ਕਥੀ ਜਾਣ ਕਰਕੇ ਆਵਣ ਜਾਣੀ ਖੇਡ ਸਭ ਛੁਟਕ ਜਾਂਦੀ ਹੈ।
ਹੇ ਸੱਚੇ ਪਾਤਸ਼ਾਹ ! ਇਹ ਸੱਚਾ ਉੱਦਮ ਤੂੰ ਹੀ ਬਖ਼ਸ਼, ਇਹ ਸੱਚ ਸੱਚੀ ਮੁਕਤੀ ਤੂੰ ਹੀ ਪਰਦਾਨ ਕਰ । ਇਹ ਸੱਚੀ ਹਰਦਮੀ ਸਿਆਣਪ ਤੇ ਹੀ ਮਨ ਵਿਚ ਲਿਆ, ਜਿਸ ਕਰਕੇ ਹਰ ਦਮ ਤੇਰੀ ਨਾਮ ਰੂਪੀ ਹਰਿ ਕਥਾ ਹੀ ਵਖਾਣਦਾ ਰਹਾ ।