

'ਮੇਰੈ ਮਨਿ ਤਨਿ ਨਾਮੁ ਅਧਾਰੁ ਹਰਿ ਮੈ ਮੇਲੇ ਪੁਰਖੁ ਸੁਜਾਣੀ ॥
ਅਗਲੇਰੀ ਤ੍ਰੈ ਪੰਗਤੀ ਦੀ ਪਹਿਲੀ ਪੰਗਤੀ :
'ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ ਮਿਲਿ ਸੁਰਤੀ ਸੁਰਤਿ ਸਮਾਣੀ ॥
ਦ੍ਰਿੜਾਉਂਦੀ ਹੈ ਕਿ ਗੁਰੂ ਰੂਪ ਸੱਚੇ ਪੁਰਖ ਨੇ, ਵਾਹਿਗੁਰੂ ਅਕਾਲ ਪੁਰਖ ਰੂਪ ਸਚਾ ਪੁਰਖ ਮਿਲਾ ਦਿਤਾ, ਅਰਥਾਤ, ਗੁਰੂ ਹੀ ਜਗਿਆਸੂ ਜਨ ਨੂੰ ਅਕਾਲ ਪੁਰਖ ਨਾਲ ਮਿਲਾਉਣ ਲਈ ਸਮਰੱਥ ਹੈ। ਇਸ ਬਿਧਿ ਸਿਫਤਿ ਸਾਲਾਹੀ ਅਕੱਥ ਕਥਾਈ ਸੁਰਤੀ ਨੂੰ ਵਾਹਿਗੁਰੂ ਸੁਰਤੀਸ਼ਰ ਵਿਖੇ ਜੋੜ ਕੇ ਉਸੇ ਵਿਚ ਹੀ ਸਮਾ ਜਾਈਦਾ ਹੈ । ਪ੍ਰੰਤੂ ਕੋਈ ਵਡਭਾਗੀ ਜਨ ਹੀ ਐਸੇ ਗੁਰੂ ਦੇ ਸਿਖ ਸੇਵਕ ਸਤਿਗੁਰੂ ਦੇ ਹੀ ਸਿਖ ਸੇਵਕ ਹਰਿ ਕਥਾ (ਵਾਹਿਗੁਰੂ ਨਾਮ) ਸਿਮਰ ਸਿਮਰ ਕੇ ਸੁਘੜ ਸੁਜਾਨ ਵਾਹਿਗੁਰੂ ਨੂੰ ਪਾਉਂਦੇ ਹਨ :
'ਵਡਭਾਗੀ ਗੁਰੂ ਸੇਵਿਆ ਹਰਿ ਪਾਇਆ ਸੁਘੜ ਸੁਜਾਣੀ ॥'
ਆਪ-ਹੁਦਰੇ ਮਨਮੁਖ ਪੁਰਸ਼ ਇਸ ਭਾਵ ਤੋਂ ਖ਼ਾਲੀ ਰਹਿ ਗਏ ਹਨ। ਤਿਨ੍ਹਾਂ ਦੀ ਸਾਰੀ ਉਮਰ ਰੂਪੀ ਰੈਣ ਦੁੱਖਾਂ ਵਿਚ ਹੀ ਵਿਹਾਉਂਦੀ ਹੈ:
'ਮਨਮੁਖ ਭਾਗ ਵਿਹੂਣਿਆ ਤਿਨਿ ਦੁਖੀ ਰੈਣਿ ਵਿਹਾਣੀ ॥'
ਅਗਲੇਰੀ ਤੇ ਤੁਕਾਂਤ੍ਰੀ ਪੰਗਤੀ ਵਿਚਿ ਗੁਰੂ ਸਾਹਿਬ ਸਾਨੂੰ ਗੁਰਸਿੱਖਾਂ ਨੂੰ ਵਾਹਿਗੁਰੂ ਪਾਸੋਂ ਅਕੱਥ ਕਥਾ ਰੂਪ ਅੰਮ੍ਰਿਤ ਬਾਣੀ ਜਪਣ ਦੀ ਇਸ ਪ੍ਰਕਾਰ ਯਾਚਨਾ ਕਰਨੀ ਸਿਖਾਉਂਦੇ ਹਨ :
'ਹਮ ਜਾਚਿਕ ਦੀਨ ਪ੍ਰਭ ਤੇਰਿਆ ਮੁਖਿ ਦੀਜੈ ਅੰਮ੍ਰਿਤ ਬਾਣੀ ॥'
ਹੇ ਵਾਹਿਗੁਰੂ ! ਤੇਰੇ ਗਰੀਬ ਮੰਗਤੇ ਹਾਂ, ਐਸੀ ਕਿਰਪਾ ਕਰੋ ਕਿ ਅਸੀਂ ਮੁਖ ਕਰਕੇ ਤੇਰੀ ਬਖਸ਼ੀ ਹੋਈ ਸਿਫਤਿ ਸਾਲਾਹੀ ਅਕੱਥ ਕਥਾ ਰੂਪ ਅੰਮ੍ਰਿਤ ਬਾਣੀ ਹੀ ਜਪਦੇ ਰਹੀਏ । ਇਹ ਅਕੱਥ ਕਹਾਣੀ ਰੂਪ ਬਾਣੀ ਸਾਡੇ ਮੁਖਾਂ ਵਿਚਿ ਦੇਈ ਹੀ ਰਖੋ, ਭਾਵ, ਮੁਖਾਂ ਵਿਚਿ ਪਾਈ ਹੀ ਜਾਵੋ । 'ਅੰਮ੍ਰਿਤ ਕਥਾ' ਅਤੇ 'ਅਕਥ ਕਹਾਣੀ ਦਾ ਇਕੋ ਹੀ ਭਾਵ ਹੈ । ਹੇ ਵਾਹਿਗੁਰੂ ! ਅਸਾਨੂੰ ਐਸਾ ਸੁਘੜ ਸੁਜਾਣੀ ਮਿਤ੍ਰ ਸਤਿਗੁਰੂ ਮੇਲਹੁ, ਜਿਸ ਦੇ ਮਿਲਣ ਕਰਿ ਅਕਥ ਕਹਾਣੀ ਰੂਪ ਅੰਮ੍ਰਿਤ ਬਾਣੀ ਸਾਡੇ ਮਨਾਂ ਵਿਚਿ ਵਸਿ ਰਸਿ ਜਾਵੇ । ਸਭ ਤੋਂ ਪਿਛਲੇਰੀ ਪੰਗਤੀ ਵਿਚਿ ਗੁਰੂ ਨਾਨਕ ਸਾਹਿਬ ਫ਼ਰਮਾਉਂਦੇ ਹਨ ਕਿ ਕਿਰਪਾ ਕਰਕੇ, ਹੇ ਵਾਹਿਗੁਰੂ ! ਸਾਨੂੰ ਸਦਾ ਗੁਰੂ ਕੀਆਂ ਸੰਗਤਾਂ, ਗੁਰਸਿੱਖਾਂ ਵਿਚਿ ਰਖੋ, ਜਿਸ ਕਰਕੇ ਨਾਮ ਸਿਮਰਨ ਵਿਚਿ ਸਦਾ ਸਦਾ ਲਈ ਸਮਾਈ ਹੋਵੇ ।