

ਮਨ ਮਿਲੁ ਸੰਤ ਸੰਗਤਿ ਸੁਭਵੰਤੀ ॥ ਸੁਨਿ ਅਕਥ ਕਥਾ ਸੁਖਵੰਤੀ॥
ਸਭ ਕਿਲਬਿਖ ਪਾਪ ਲਹੰਤੀ ॥ ਹਰਿ ਹੋ ਹੋ ਹੋ ਲਿਖਤੁ ਲਿਖਤੀ ॥੧॥ਰਹਾਉ॥
ਹਰਿ ਕੀਰਤਿ ਕਲਜੁਗ ਵਿਚਿ ਊਤਮ ਮਤਿ ਗੁਰਮਤਿ ਕਥਾ ਭਜੰਤੀ ॥
ਜਿਨਿ ਜਨਿ ਸੁਣੀ ਮੰਨੀ ਹੈ ਜਿਨਿ ਜਨਿ ਤਿਸੁ ਜਨਕੈ ਹਉ ਕੁਰਬਾਨੰਤੀ ॥੧॥
ਹਰਿ ਅਕਥ ਕਥਾ ਕਾ ਜਿਨਿ ਰਸੁ ਚਾਖਿਆ ਤਿਸੁ ਜਨ ਸਭ ਭੂਖ ਲਹੰਤੀ ॥
ਨਾਨਕ ਜਨ ਹਰਿ ਕਥਾ ਸੁਣਿ ਤ੍ਰਿਪਤੇ ਜਪਿ ਹਰਿ ਹਰਿ ਹਰਿ ਹੋਵੰਤੀ॥੨॥੨॥੮॥
ਨਟ ਮਹਲਾ ੪, ਪੰਨਾ ੯੭੭
ਇਸ ਗੁਰਵਾਕ ਵਿਖੇ ਪਿਛਲੇਰੇ ਗੁਰਵਾਕ ਦਾ ਭਾਵ ਹੋਰ ਭੀ ਅਸਚਰਜ ਗੁਰਮਤਿ ਰੰਗਾਂ ਵਿਚਿ ਰੰਗੀਜ ਕੇ ਵਰਨਿਆ ਹੋਇਆ ਹੈ। ਗੁਰਸਿੱਖਾਂ ਪ੍ਰਤੀ ਇਸ ਬਿਧਿ ਆਪੋ ਆਪਣੇ ਮਨ ਨੂੰ ਸੰਬੋਧਨਾ ਪ੍ਰਬੋਧਨਾ ਸਿਖਾਉਂਦੇ ਹਨ। ਹੇ ਮਨ ! ਤੂੰ ਸੁਭਵੰਤੀ ਸੰਤ-ਸੰਗਤ ਵਿਖੇ ਮਿਲ, ਅਤੇ ਮਿਲ ਕੇ ਮਿਲਿਆ ਹੀ ਰਹੁ। ਇਸ ਗੁਰੂ ਵਰੋਸਾਈ ਸੁਭਵੰਤੀ ਸੰਤ-ਸੰਗਤਿ ਵਿਖੇ ਮਿਲ ਕੇ ਸੁਖਵੰਤੀ ਅਕੱਥ ਕਥਾ ਨੂੰ ਸੁਣ ਅਤੇ ਸਦਾ ਸੁਣਿਆ ਕਰ । ਸਪੱਸ਼ਟ ਭਾਵ ਹੈ ਕਿ ਸੁਖਸੰਤੀ ਅਕਥ ਕਥਾ ਸੁਣਨੀ ਸੁਖਵੰਤੀ ਗੁਰੂ ਕੀ ਸਤਸੰਗਤਿ ਵਿਖੇ ਹੀ ਨਸੀਬ ਹੁੰਦੀ ਹੈ । ਇਹ ਸੁਭਵੰਤੀ ਅਕੱਥ ਕਥਾ ਸੁਣਨਹਾਰਿਆਂ ਦੇ ਸਾਰੇ ਕਿਲਬਿਖ ਪਾਪ ਕਟਣਹਾਰੀ ਹੈ । ਫਿਰ ਤਿੰਨ ਵਾਰ ਦ੍ਰਿੜਾ ਦ੍ਰਿੜਾ ਕੇ ਫ਼ੁਰਮਾਉਂਦੇ ਹਨ, ਇਹ ਅਕੱਥ ਕਥਾ ਤਿਨ੍ਹਾਂ ਗੁਰਮੁਖਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦੇ ਮਸਤਕ ਉਤੇ ਪੂਰਬਲੇ ਸ਼ੁਭ ਲੇਖ ਲਿਖੇ ਹੋਏ ਹੁੰਦੇ ਹਨ। ਇਹ ਹਰਿ ਕਥਾ ਰੂਪੀ ਅਕੱਥ ਕਥਾ ਪੂਰਬ-ਕਰਮੀ-ਲੇਖਾਂ ਵਿਚ ਹੀ ਲਿਖੀ ਹੋਈ ਹੁੰਦੀ ਹੈ। ਇਸ ਗੱਲ ਨੂੰ ਨਿਸਚੇ ਕਰਕੇ ਹੀ ਮੰਨੋ ਕਿ ਇਹ ਹਤਿ-ਅਕੱਥ-ਕਥਾ ਵਾਹਿਗੁਰੂ ਨਾਮ ਸਿਫਤਿ ਸਾਲਾਹ ਰੂਪੀ ਹੀ ਕਥਾ ਹੈ।
ਅਸਥਾਈ ਰਹਾਉ ਵਾਲੀ ਪੰਗਤੀ ਤੋਂ ਅਗਲੇਰੀ ਇਕ ਨੰਬਰ ਵਾਲੀ ਦੁਪੰਗਤੀ ਵਿਚਿ ਖ਼ੂਬ ਸਪਸ਼ਟ ਤੌਰ ਤੇ ਖੋਲ੍ਹ ਕੇ ਲਿਖਿਆ ਹੋਇਆ ਹੈ : 'ਹਰਿ ਕੀਰਤਿ ਕਲਜੁਗ ਵਿਚਿ ਊਤਮ ਮਤਿ ਗੁਰਮਤਿ ਕਥਾ ਭਜੰਤੀ ॥ ਕਲਜੁਗ ਅੰਦਰਿ ਹਰਿ ਕੀਰਤਨ ਰੂਪੀ ਕਥਾ ਹੀ ਸਰਬੋਤਮੀ ਅਕੱਥ ਕਥਾ ਹੈ । ਇਸ ਹਰਿ ਕਥਾ ਰੂਪੀ ਅਕੱਥ ਕਥਾ ਨੂੰ ਗੁਰਮਤਿ ਅਨੁਸਾਰ ਗੁਰਸਿੱਖਾਂ ਨੇ ਭਜਣਾ ਹੈ। ਕੋਰੜ ਮੋਠੂਆਂ ਪ੍ਰਚਲਤ ਕੁਚਾਲੀਆਂ ਵਾਲੀ ਕਥਾ ਕਰਨੀ ਸੁਣਨੀ ਨਹੀਂ। ਗੁਰੂ ਘਰ ਵਿਖੇ ਤਾਂ ਹਰਿ ਕਥਾ ਦਾ ਗੁਰਮਤਿ ਤੱਤ-ਸਾਰੀ-ਭਾਵ ਸਿਫਤਿ ਸਾਲਾਹ ਗੁਰਮਤਿ ਨਾਮ ਦਾ ਭਜਣਾ ਹੀ ਹੈ, ਹਰਿ ਕੀਰਤਨ ਸਿਫਤਿ ਸਾਲਾਹ ਰੂਪੀ ਹਰਿ ਭਜਨ ਹੀ ਹੈ। ਜਿਸ ਜਿਸ ਜਨ ਨੇ ਇਹ ਗੁਰਮਤਿ ਤੱਤ- ਸਾਰਨੀ ਹਰਿ ਕਥਾ ਸੁਣੀ ਹੈ ਤੇ ਸੁਣਿ ਕੇ ਮੰਨੀ ਹੈ, ਨਿਧ-ਆਸਨੀ ਅਭਿਆਸ ਵਿਚਿ ਪਰੁੰਨੀ ਹੈ, ਤਿਸ ਤਿਸ ਗੁਰਮੁਖਿ ਜਨ ਵਿਟਹੁੰ ਗੁਰੂ ਸਾਹਿਬ ਕੁਰਬਾਨ ਕੁਰਬਾਨ ਹੋ ਹੋ ਜਾਂਦੇ ਹਨ ਤੇ ਕੁਰਬਾਨ ਹੋ ਜਾਣ ਵਾਲੀ ਜਿਗਰੀ ਅਸੀਸੜੀ ਦਿੰਦੇ ਹਨ।