

ਜਿਨਿ ਜਨਿ ਸੁਣੀ ਮੰਨੀ ਹੈ ਜਿਨਿ ਜਨਿ ਤਿਸੁ ਜਨ ਕੈ ਹਉ ਕੁਰਬਾਨੰਤੀ ॥
ਫੇਰ ਅਗਲੇਰੀ ਦੋ ਨੰਬਰ ਵਾਲੀ ਦੁਪੰਗਤੀ ਵਿਚਿ ਇਸ ਅਕੱਥ ਕਥਾ ਦਾ ਰਸ-ਭਿੰਨੜਾ ਵਰਣਨ ਇਸ ਪ੍ਰਕਾਰ ਕੀਤਾ ਹੈ :
ਹਰਿ ਅਕਥ ਕਥਾ ਕਾ ਜਿਨਿ ਰਸੁ ਚਾਖਿਆ ਤਿਸੁ ਜਨ ਸਭ ਭੂਖ ਲਹੰਤੀ ॥
ਨਾਨਕ ਜਨ ਹਰਿ ਕਥਾ ਸੁਣਿ ਤ੍ਰਿਪਤੇ ਜਪਿ ਹਰਿ ਹਰਿ ਹਰਿ ਹੋਵੰਤੀ ॥
ਭਾਵ, ਇਸ ਅਕੱਥ ਕਥਾ ਦਾ ਜਿਨ੍ਹਾਂ ਨੇ ਸੱਚਾ ਰਸੁ ਚਾਖਿਆ ਹੈ, ਤਿਨ੍ਹਾਂ ਜਨਾਂ ਦੀਆਂ ਸਾਰੀਆਂ ਕੁੱਖਾਂ ਲਹਿ ਗਈਆਂ ਹਨ। ਓਹਨਾਂ ਦੇ ਅੰਦਰਿ ਹਉਮੈ ਦੇ ਪੱਠੇ ਪਵਾਉਣ ਵਾਲੀ ਭੁਖ ਵੀ ਨਹੀਂ ਰਹਿੰਦੀ। ਭਰੀਆਂ ਸੰਗਤਾਂ ਵਿਚ ਕਥਾਵਾਂ ਪਾਉਣ- ਹਾਰੇ (ਕਥਾ ਕਰਨਹਾਰੇ) ਬਣ ਬਣ ਕੇ ਬੈਠਣ ਵਾਲੀ ਮਨ ਮਤਸਰੀ ਕੁਫੁਰਨੀ ਭੈੜੀ ਭੁਖ ਨਹੀਂ ਫੁਰਦੀ । ਸੱਚ ਮੁੱਚ ਜਿਨ੍ਹਾਂ ਨੇ ਗੁਰਮਤਿ ਭਾਵ ਰੰਗੀਜੀ ਰਸੀਜੀ ਤੱਤ ਕਥਾ ਦਾ ਅਨੰਦ, ਅਨਹਦੀ ਰਜੁ ਮਾਣਿਆ ਹੈ ਤਿਨ੍ਹਾਂ ਨੂੰ ਫੋਕੀਆਂ ਕਥਾਂ ਪਾਉਣ ਤੇ ਸੁਣਨ ਦੇ ਹੋਛੇ ਰਸ ਵਿਚ ਪੈਣ ਦੀ ਚੱਜ ਕੁਚੱਜਣੀ ਜੁਰਅਤ ਹੀ ਨਹੀਂ ਹੁੰਦੀ। ਗਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਤੱਤ ਗੁਰਮਤਿ ਕਥਾ ਦੇ ਰਸੀਏ ਜਨ ਤਾਂ ਗੁਰਮਤਿ ਅਕੱਥ ਕਥਾ ਨੂੰ ਕਰ ਕਰ ਕੇ, ਸੁਣ ਸੁਣ ਕੇ ਹੀ ਤ੍ਰਿਪਤਿ ਹੋਏ ਰਹਿੰਦੇ ਹਨ, ਅਰਥਾਤ, ਸਚੀ ਸਿਫਤਿ ਸਾਲਾਹ ਨੂੰ ਜਪ ਜਪ ਕੇ ਮਗਨ ਅਨੰਦ ਹੋ ਜਾਂਦੇ ਹਨ ਤੇ ਅਨੰਦੀ ਵਾਹਿਗੁਰੂ ਦਾ ਰੂਪ ਹੀ ਹੋ ਰਹਿੰਦੇ ਹਨ।
ਹਰਿ ਬਿਨੁ ਕਿਉ ਧੀਰੈ ਮਨੁ ਮੇਰਾ ॥
ਕੋਟਿ ਕਲਪ ਕੇ ਦੁਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ ॥੧॥ਰਹਾਉ॥
ਕ੍ਰੋਧੁ ਨਿਵਾਰਿ ਜਲੇ ਹਉ ਮਮਤਾ ਪ੍ਰੇਮੁ ਸਦਾ ਨਉਰੰਗੀ ॥
ਮਾਨ ਭਉ ਬਿਸਰਿ ਗਏ ਪ੍ਰਭੁ ਜਾਚਿਆ ਹਰਿ ਨਿਰਮਾਇਲੁ ਸੰਗੀ ॥੧॥
ਚੰਚਲ ਮਤਿ ਤਿਆਗਿ ਭਉ ਭੋਜਨੁ ਪਾਇਆ ਏਕ ਸਬਦਿ ਲਿਵ ਲਾਗੀ ॥
ਹਰਿ ਰਸੁ ਚਾਖਿ ਤ੍ਰਿਖਾ ਨਿਵਾਰੀ ਹਰਿ ਮੇਲਿ ਲਏ ਬਡਭਾਗੀ ॥੨॥
ਅਭਰਤ ਸਿੰਚਿ ਭਏ ਸੁਭਰ ਸਰ ਗੁਰਮਤਿ ਸਾਚੁ ਨਿਹਾਲਾ ॥
ਮਨ ਰਤਿ ਨਾਮਿ ਰਤੇ ਨਿਹਕੇਵਲ ਆਦਿ ਜੁਗਾਦਿ ਦਇਆਲਾ ॥੩॥
ਮੋਹਨਿ ਮੋਹਿ ਲੀਆ ਮਨੁ ਮੋਰਾ ਬਡੈ ਭਾਗ ਲਿਵ ਲਾਗੀ॥
ਸਾਚੁ ਬੀਚਾਰਿ ਕਿਲਵਿਖ ਦੁਖ ਕਾਟੇ ਮਨੁ ਨਿਰਮਲੁ ਅਨਰਾਗੀ ॥੪॥
ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀ ਅਨ ਪੂਜਾ ॥
ਸਬਦੁ ਬੀਚਾਰਿ ਭਰਮ ਭਉ ਭੰਜਨੁ ਅਵਰੁ ਨ ਜਾਨਿਆ ਦੂਜਾ ॥੫॥
ਮਨੂਆ ਮਾਰਿ ਨਿਰਮਲ ਪਦੁ ਚੀਨਿਆ ਹਰਿ ਰਸ ਰਤੇ ਅਧਿਕਾਈ ॥
ਏਕਸ ਬਿਨੁ ਮੈ ਅਵਰੁ ਨ ਜਾਨਾ ਸਤਿਗੁਰਿ ਬੂਝ ਬੁਝਾਈ ॥੬॥