ਇਸ ਮਿਲਾਪ ਨੂੰ ਮਿਲ ਕੇ ਆਪਣੇ ਆਪ ਦੀ ਸੁੱਧ ਬੁੱਧ ਨਹੀਂ ਰਹਿੰਦੀ । ਮੋਹਨ ਵਾਹਿਗੁਰੂ ਜਗਿਆਸੂ ਜਨ ਨੂੰ ਮੋਹ ਕੇ ਬਸ ਆਪਣੇ ਗੋਚਰਾ ਹੀ ਕਰ ਲੈਂਦਾ ਹੈ। ਫੇਰ ਵਡੇ ਭਾਗਾਂ ਕਰਕੇ ਇਹ ਏਕਾ ਲਿਵ ਲੱਗੀ ਹੀ ਰਹਿੰਦੀ ਹੈ । ਸਤਿਨਾਮ ਵਾਹਿਗੁਰੂ (ਵਾਹਿਗੁਰੂ ਦੇ ਸੱਚੇ ਨਾਮ) ਦੀ ਅਭਿਆਸ ਕਮਾਈ ਕਰਕੇ ਨਿਰੇ ਵਾਹਿਗੁਰੂ ਦੇ ਪ੍ਰੇਮ ਪਰਾਇਣ ਹੀ ਹੋਇ ਜਾਈਦਾ ਹੈ ਤੇ ਨਿਰਮਲ ਰੰਗਾਂ ਦੇ ਰੰਗਾਸ ਵਿਚ ਹੀ ਖਿੜੀਦਾ ਹੈ। ਕਿਲਬਿਖ ਪਾਪ ਰੋਗ ਦੁੱਖ ਤਾਂ ਉਸ ਦੇ ਸੁਤੇ ਸੁਭਾਵ ਹੀ ਕੱਟੇ ਜਾਂਦੇ ਹਨ।
ਇਸ ਗਹਿਰ ਗੰਭੀਰ ਸਾਗਰ ਰਤਨਾਗਰੀ ਵਾਹਿਗੁਰੂ ਦੇ ਰੂਪ ਨੂੰ ਪੇਖ ਕੇ ਉਸੇ ਦੀ ਹੀ ਭਗਤੀ ਰੂਪ ਪੂਜਾ ਵਿਚ ਰਚ ਮਿਚ ਜਾਈਦਾ ਹੈ, ਹੋਰ ਪੂਜਾ ਕਿਸੇ ਦੀ ਨਹੀਂ ਔੜਦੀ । ਬੱਸ ਇਸ ਅਕੱਥ ਕਥਾ ਰੂਪੀ ਗੁਰ-ਸ਼ਬਦ ਦੇ ਅਭਿਆਸ ਕਰਨ ਕਰਕੇ ਕੇਵਲ ਭਉ-ਭੰਜਨੀ ਵਾਹਿਗੁਰੂ ਦੀ ਭਗਤਿ-ਭਾਵਨੀ ਪੂਜਾ ਹੀ ਹੋ ਸਕਦੀ ਹੈ। ਇਸੇ ਪੂਜਾ ਨੂੰ ਹੀ ਪਛਾਣੀਦਾ ਹੈ, ਹੋਰ ਦੂਜੀ ਭਰਮ ਪੂਜਾ ਸਭ ਦੂਰ ਹੋ ਜਾਂਦੀ ਹੈ ।
ਵਾਹਿਗੁਰੂ ਨਾਮ ਦੇ ਅਭਿਆਸ ਦੁਆਰਾ ਮਨ ਮਾਰ ਕੇ ਹੀ ਨਿਰਮਲ ਪਦ ਨੂੰ ਚੀਨੀਦਾ ਹੈ । ਨਿਰਮਲ ਪਦੁ ਚੀਨ ਕੇ ਭੀ ਵਾਹਿਗੁਰੂ ਦੇ ਮਿਲਾਪ ਵਾਲੇ ਅਧਿਕ ਤੋਂ ਅਧਿਕ (ਵੱਧ ਤੋਂ ਵੱਧ) ਰਲੀਆਲੇ ਰਸ ਰੰਗ ਮਾਣੀਦੇ ਹਨ । ਇਸ ਬਿਧਿ ਇਕਸ ਵਾਹਿਗੁਰੂ ਬਿਨਾਂ ਹੋਰ ਨੂੰ ਨ ਜਾਣਨ ਪਛਾਣਨ ਵਾਲੀ ਸੂਝ ਬੂਝ ਕੇਵਲ ਸਤਿਗੁਰੂ ਨੇ ਹੀ ਬੁਝਾਈ ਹੈ ।
ਜੋ ਵਾਹਿਗੁਰੂ ਗੰਮਤਾ ਤੋਂ ਰਹਿਤ ਹੈ, ਜਿਸ ਵਾਹਿਗੁਰੂ ਨੂੰ ਕੋਈ ਅਪੜ ਨਹੀਂ ਸਕਦਾ, ਜਿਸ ਵਾਹਿਗੁਰੂ ਦਾ ਨਾਥ (ਮਾਲਕ) ਕੋਈ ਨਹੀਂ, ਜੋ ਵਾਹਿਗੁਰੂ ਅਨਾਥਾਂ ਸਿਰ ਸੱਚਾ ਨਾਥ ਹੈ, ਜੋ ਵਾਹਿਗੁਰੂ ਸਦਾ ਅਜੋਨੀ ਹੈ, ਗੁਰਮੁਖਿ ਜਗਿਆਸੂ ਜਨ ਨੇ ਤਾਂ ਸਦਾ ਉਸੇ ਏਕੋ ਵਾਹਿਗੁਰੂ ਨੂੰ ਹੀ ਲਖਿਆ ਹੈ (ਜਾਣਿਆ ਪਛਾਣਿਆ ਹੈ) । ਗੁਰੂ ਘਰ ਦੇ ਗੁਰਮੁਖਿ ਜਨ ਏਕ ਅਕਾਲ ਪੁਰਖ ਦੇ ਹੀ ਉਪਾਸ਼ਕ ਹਨ, ਇਕੋ ਪ੍ਰੀਤਮ ਪਰਮੇਸ਼ਰ ਦੇ ਹੀ ਸੁੱਚੇ ਆਸ਼ਕ ਹਨ। ਓਹਨਾਂ ਦਾ ਹਿਰਦਾ-ਸਰੋਵਰ ਏਸੇ ਇਕੇ ਵਾਹਿਗੁਰੂ ਦੀ ਇਸ਼ਕ-ਉਪਾਸ਼ਨਾ ਸੇਤੀ ਸਦਾ ਹਰਿਆ ਭਰਿਆ ਰਹਿੰਦਾ ਹੈ । ਚਿੱਤ- ਸਰੋਵਰ ਸਦਾ ਪ੍ਰੀਤਮ ਵਾਹਿਗੁਰੂ ਦੇ ਪ੍ਰੇਮ ਨਾਲ ਹੀ ਡਲ੍ਹ ਡਲ੍ਹ ਕਰਦਾ ਰਹਿੰਦਾ ਹੈ । ਡੋਲ੍ਹਣਾ ਡੁਲ੍ਹਣਾ ਉਥੇ ਨੇੜੇ ਨਹੀਂ ਆਉਂਦਾ।