ਵਾਹਿਗੁਰੂ ਨਾਮ ਰੂਪੀ ਅਕੱਥ ਕਥਾ ਸਰੂਪੀ ਗੁਰ-ਸ਼ਬਦ ਦੁਆਰਾ ਹੀ ਭਵ- ਭੰਜਨੀ ਤੇ ਕਾਲ-ਨਿਰੰਜਨੀ ਵਾਹਿਗੁਰੂ ਨਿਰੰਕਾਰ ਸੇਤੀ ਲਿਵ ਲਗਦੀ ਹੈ । ਸੱਚੇ ਸੁਖਦਾਤੇ ਵਾਹਿਗੁਰੂ ਨੂੰ ਅਸਲ ਜਾਨਣੀ, ਤੱਤ ਪਛਾਨਣੀ ਗੁਰਮੁਖਿ ਜਨਾਂ ਨੇ ਹੀ ਜਾਣਿਆ ਹੈ । ਗੁਰਮੁਖਿ ਨਾਮ ਰਸੀਏ ਜਨ ਅਕੱਥ ਕਥਾਵੀ ਨਾਮ ਕਲਾ ਦੁਆਰਾ ਸਹਜੇ ਹੀ ਵਾਹਿਗੁਰੂ ਵਿਚਿ ਸਮਾ ਜਾਂਦੇ ਹਨ ਤੇ ਸਮਾਏ ਹੀ ਰਹਿੰਦੇ ਹਨ। ਵਾਹਿਗੁਰੂ ਦੇ ਸੁਖਦਾਤਾ ਹੋਣ ਦੀ ਸਚਾਈ ਵਾਲੀ ਸੱਚੀ ਗਤਿ ਮਿਤਿ ਭੀ ਗੁਰਮੁਖਿ ਜਨਾਂ ਨੇ ਹੀ ਪਾਈ ਹੈ । ਸੱਚਾ ਸੁਖੁ ਆਤਮ ਸੁਖੁ ਗੁਰਮੁਖਿ ਜਨ ਹੀ ਮਾਣਦੇ ਹਨ।
ਸਿਫਤਿ ਸਾਲਾਹੀ ਗੁਰਮਤਿ ਭਗਤ ਜਨਾਂ ਦਾ ਭੋਜਨ ਹੀ ਵਾਹਿਗੁਰੂ ਨਾਮ ਨਿਰੰਜਨ ਹੈ । ਜਿਵੇਂ ਵਾਹਿਗੁਰੂ ਨਿਰੰਕਾਰ, ਅਕਾਲ ਪੁਰਖੁ ਨਿਰੰਜਨ (ਅੰਜਨ ਰਹਿਤ) ਹੈ ਤਿਵੇਂ ਵਾਹਿਗੁਰੂ ਦਾ ਨਾਮ ਭੀ ਨਿਰੰਜਨਾ ਹੈ। ਨਾਮ ਨਿਰੰਜਨ ਦੀ ਸਿਫਤਿ ਸਾਲਾਹੀ ਵਡਿਆਈ ਕੀਤਿਆਂ ਅੰਜਨ ਰਹਿਤ ਹੋ ਜਾਈਦਾ ਹੈ । ਮਾਇਆ ਦੀ ਕਦੂਰਤ ਸਭ ਮਿਟ ਜਾਂਦੀ ਹੈ । ਇਸ ਕਰਕੇ ਵਾਹਿਗੁਰੂ ਦੇ ਨਾਮ ਦੀ ਵਡਿਆਈ ਸਭ ਤੋਂ ਵਡੀ ਹੈ । ਵਾਹਿਗੁਰੂ ਦੇ ਸਚੇ ਭਗਤ ਜਨ, ਗੁਰਮੁਖਿ ਪਿਆਰੇ ਸਦਾ ਨਾਮ ਲਿਵ ਵਿਚ ਹੀ ਰੱਤੇ ਮੱਤੇ ਰਹਿੰਦੇ ਹਨ । ਓਹਨਾਂ ਦੇ ਚਉਗਿਰਦ ਰਾਮ-ਕਾਰ ਦੀ ਸੰਜੋਅ ਹੀ ਲਿਪਟੀ ਰਹਿੰਦੀ ਹੈ । ਇਹੋ ਭਗਤ ਜਨਾਂ ਦਾ ਸੱਚਾ ਪਹਿਰਣ ਹੈ । ਹੋਰ ਪੁਸ਼ਾਕੇ ਪਹਿਨਣ ਦੀ ਓਹਨਾਂ ਨੂੰ ਸ਼ਰਧਾ ਹੀ ਨਹੀਂ ਦਿਲੋਂ ਉਪਜਦੀ। ਭਗਤੀ ਰੂਪ ਵਡਮੁਲਾ ਪੁਸ਼ਾਕਾ ਹੀ ਓਹ ਪਹਿਨਦੇ ਹਨ ਅਤੇ ਪਹਿਨੀ ਹੀ ਰਖਦੇ ਹਨ। ਵਾਹਿਗੁਰੂ ਨਾਮ ਦੇ ਸੇਵਨ ਸਿਮਰਨ ਵਿਚਿ ਹੀ ਸਦਾ ਲੀਨ ਰਹਿੰਦੇ ਹਨ । ਤਾਂ ਤੇ ਓਹ ਆਪਣੇ ਅਸਲੀ ਘਰ ਵਿਚਿ, ਵਾਹਿਗੁਰੂ ਦੀ ਹਜ਼ੂਰੀ ਵਿਚਿ ਹਾਜ਼ਰ ਬਾਸ਼ ਰਹਿੰਦੇ ਹਨ । ਵਾਹਿਗੁਰੂ ਰੂਪੀ ਅਸਲੀ ਘਰ ਵਿਚਿ ਹੀ ਓਹਨਾਂ ਦਾ ਵਾਸਾ ਰਹਿੰਦਾ ਹੈ । ਵਾਹਿਗੁਰੂ ਦੀ ਦਰਗਾਹ ਵਿਚਿ ਓਹਨਾਂ ਨੂੰ ਸ਼ੋਭਾ ਮਿਲਦੀ ਹੈ, ਕਿਉਂਕਿ ਇਥੇ ਸੱਚੀਆਂ ਕਮਾਈਆਂ ਕਰ ਕੇ ਓਹ ਇਥੋਂ ਸੱਚੇ ਸਿਰੋਪਾਉ ਨਾਲ ਪੈਧੇ ਹੋਏ ਵਾਹਿਗੁਰੂ ਦੀ ਦਰਗਾਹ ਵਿਚ ਜਾਂਦੇ ਹਨ।
ਜੋ ਮਨਮੁਖ ਪੁਰਸ਼ ਹਨ, ਤਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੀ ਅਕੱਥ ਕਥਾ ਦੀ ਸੂਝ ਬੂਝ ਹੀ ਨਹੀਂ ਹੁੰਦੀ, ਉਹ ਹਰਗਿਜ਼ ਗੁਰਬਾਣੀ ਸਿਫਤਿ ਸਾਲਾਹ ਰੂਪੀ