Back ArrowLogo
Info
Profile
ਅਕੱਥ ਕਥਾ ਦੇ ਰਾਹ ਨਹੀਂ ਪੈਂਦੇ । ਕਥਾ ਕਰਨ ਦੀਆਂ ਫੋਕੀਆਂ ਡੀਗਾਂ ਹੀ ਮਾਰਦੇ ਫਿਰਦੇ ਹਨ, ਐਵੇਂ ਫੋਕੀਆਂ ਕਥਾ ਕਹਾਣੀਆਂ ਕਰਦੇ ਹਨ । ਏਹ ਫੋਕੀਆਂ ਕਥਾ ਕਹਾਣੀਆਂ ਸੁਣਨ ਸੁਣਾਉਣਹਾਰੇ ਦੋਵੇਂ ਹੀ ਫੱਕੇ ਤੇ ਫਿਕੇ ਰਹਿੰਦੇ ਹਨ। ਸ੍ਰੋਤਿਆਂ ਦੇ ਪੱਲੇ ਤੱਤ ਵਸਤੂ ਪੈਂਦੀ ਹੀ ਨਹੀਂ । ਸੋ ਫੋਕੀ ਕਥਾ ਕਰਨ ਸੁਣਨਹਾਰੇ ਦੋਨੋਂ ਹੀ ਖ਼ਾਲੀ ਰਹਿੰਦੇ ਹਨ। ਮਨਮੁਖ ਕਥੋਗੜਾਂ ਦੀ ਕੱਚੀ ਬੁਧਿ ਹੁੰਦੀ ਹੈ, ਮਨੂਆ ਓਹਨਾਂ ਦਾ ਡੋਲਦਾ ਰਹਿੰਦਾ ਹੈ । ਇਸ ਕਰਕੇ ਅਕੱਥ ਵਾਹਿਗੁਰੂ ਦੀ ਕਥਾ ਓਹਨਾਂ ਕੀ ਕਰ ਸਕਣੀ ਹੈ ? ਓਹ ਤਾਂ ਅਕੱਥ ਕਥਾ ਰੂਪੀ ਗੁਰਬਾਣੀ ਦੀ ਭੀ ਕਦਰ ਕੀਮਤਿ ਨਹੀਂ ਪਾ ਸਕਦੇ-

"ਮਨਮੁਖਿ ਬੁਧਿ ਕਾਚੀ ਮਨੂਆ ਡੋਲੈ ਅਕਥੁ ਨ ਕਥੈ ਕਹਾਨੀ ॥"

ਗੁਰਮੁਖਾਂ ਦੇ ਹਿਰਦੇ ਅੰਦਰ ਹਰਦਮ ਨਿਹਚਲ ਗੁਰਮਤਿ ਹੀ ਵਸੀ ਰਹਿੰਦੀ ਹੈ, ਅਤੇ ਨਿਹਚਲ ਵਾਹਿਗੁਰੂ ਭੀ ਗੁਰਮਤਿ ਨਿਹਚਲ ਮਤਿ ਕਰਿ ਓਹਨਾਂ ਦੇ ਹਿਰਦੇ ਅੰਦਰਿ ਆਇ ਵਸਦਾ ਹੈ, ਕਿਉਂਕਿ ਅੰਮ੍ਰਿਤ ਰੂਪ ਸੱਚੀ ਅਕੱਥ ਕਥਾ ਮਈ ਬਾਣੀ ਹੀ ਓਹ ਸਦਾ ਰਟਦੇ ਰਹਿੰਦੇ ਹਨ ।

ਇਸ ਅਕੱਥ ਕਥਾ ਮਈ ਬਾਣੀ ਰੂਪ ਸਿਫ਼ਤਿ ਸਾਲਾਹ ਕਰਦੇ ਰਹਿਣ ਕਰਿ ਓਹਨਾਂ ਦੇ ਮਨ ਅੰਦਰਲੇ ਤੰਗ, ਅਨਿਕ ਪ੍ਰਕਾਰੀ ਸੰਕਲਪ ਵਿਕਲਪ, ਫੁਰਨੇ ਕੁਫੁਰਨੇ, ਸਾਰੇ ਨਵਿਰਤ ਹੋ ਜਾਂਦੇ ਹਨ । ਗੁਰਮੁਖਿ ਜਨ ਦੀ ਰਸਨਾ ਸਹਿਜ ਸੁਭਾ ਹੀ ਨਾਮ ਰਸ ਵਿਚਿ ਰੱਤੀ ਹੋਈ ਖਿਨ ਖਿਨ ਅਕੱਥ ਕਥਾ ਦਾ ਸੱਚਾ ਅਨੰਦ ਮਾਣਦੀ ਹੈ । ਜਿਸ ਸਤਿਗੁਰੂ ਨੇ ਵਾਹਿਗੁਰੂ ਦਾ ਮਿਲਾਪ ਕਰਾਇਆ ਹੈ, ਉਹ ਭੀ ਗੁਰਮੁਖਿ ਭਗਤ ਜਨਾਂ ਨੂੰ ਏਸ ਮਿਲਾਪ ਵਿਚਿ ਮਿਲਿਆ ਹੀ ਰਹਿੰਦਾ ਹੈ ਅਤੇ ਪਰਤੱਖ ਨਜ਼ਰ ਪਜ਼ੀਰ ਹੋਇਆ ਵਿਆ ਹੁੰਦਾ ਹੈ । ਇਹੀ ਲਿਵਤਾਰ ਮਿਲਾਪ ਗੁਰਮਤਿ ਦਰਸਾਈ ਸੱਚੀ ਮੁਕਤੀ ਹੈ।

ਗੁਰ-ਸ਼ਬਦ ਵਾਹਿਗੁਰੂ ਨਾਮ ਦੇ ਪ੍ਰਤਾਪ ਦੁਆਰਾ ਜਦ ਮਨੂਆ ਉੱਕਾ ਹੀ ਮਰ ਜਾਂਦਾ ਹੈ ਤਾਂ ਓਹ ਮੁਕਤਿ ਰੂਪ ਹੀ ਹੋ ਜਾਂਦਾ ਹੈ, ਕਿਉਂਕਿ ਉਸ ਦੀ ਲਿਵ ਵਾਹਿਗੁਰੂ ਦੇ ਚਰਨਾਂ ਵਿਚਿ ਲਗ ਜਾਂਦੀ ਹੈ। ਇਸ ਬਿਧਿ ਲਿਵ ਲਗੀ ਵਾਲੇ ਗੁਰਮੁਖਿ ਜਨ ਵਾਹਿਗੁਰੂ ਰੂਪੀ ਸੱਚੇ ਸਾਗਰ-ਸਰੋਵਰ ਵਿਖੇ ਸੱਚੀਆਂ ਤਾਰੀਆਂ ਲਾਉਂਦੇ ਰਹਿੰਦੇ ਹਨ ਅਤੇ ਸਹਿਜ ਸੁਭਾ ਹੀ ਅੰਮ੍ਰਿਤ ਨਿਰਮਲ ਜਲ ਵਿਚਿ ਨਹਾਉਂਦੇ ਹਨ। ਸ਼ਬਦ-ਅਭਿਆਸ-ਰੰਗਾਂ ਵਿਚਿ ਰੱਤੇ ਹੋਏ ਹਨ । ਵਾਹਿਗੁਰੂ- ਮਿਲਾਪ ਦਾ ਆਨੰਦ ਹੀ ਮਾਣਦੇ ਰਹਿੰਦੇ ਹਨ । ਇਸ ਪਦ ਨੂੰ ਪੁਗ ਕੇ ਹਉਮੈ ਤ੍ਰਿਸ਼ਨਾ ਦੀ ਰਾਈ ਵੀ ਨਹੀਂ ਰਹਿੰਦੀ, ਉੱਕੀ ਹੀ ਮਰ ਜਾਂਦੀ ਹੈ । ਵਾਹਿਗੁਰੂ ਨਿਹਕੇਵਲ ਓਹਨਾਂ ਦੇ ਅੰਤਰ-ਆਤਮੇ ਰਵਿਆ ਹੀ ਰਹਿੰਦਾ ਹੈ । ਸਾਰੇ, ਚਾਰ ਚੁਫੇਰੇ ਓਹਨਾਂ ਨੂੰ ਆਤਮ-ਰਾਮ-ਮੁਰਾਰੀ ਹੀ ਨਜ਼ਰ ਆਉਂਦਾ ਰਹਿੰਦਾ ਹੈ।

124 / 170
Previous
Next