ਜਿਨ੍ਹਾਂ ਨੂੰ ਇਸ ਬਿਧਿ ਇਹ ਬਿਸਮਾਦ ਕਲਾ ਵਾਲਾ, ਅਕੱਥ ਮਹੱਤਤਾ ਵਾਲਾ ਵਾਹਿਗੁਰੂ ਦਾ ਦਰ ਘਰ ਸੁਝ ਪੈਂਦਾ ਹੈ, ਓਹ ਫੇਰ ਕਦੇ ਭੀ ਇਸ ਵਿਸਮਾਦ ਕਲਾ ਤੋਂ, ਇਸ ਪ੍ਰਮਾਰਥੀ ਦਾਤਿ ਤੋਂ ਉਰੇ ਵਾਂਝੇ ਨਹੀਂ ਰਹਿੰਦੇ । ਇਹਨਾਂ ਦੀ ਸਦਾ ਹੀ ਵਾਹਿਗੁਰੂ ਦੇ ਚਰਨਾਂ ਨਾਲਿ ਬਣੀ ਰਹਿੰਦੀ ਹੈ, ਕਦੇ ਬਿਗੜਦੀ ਹੀ ਨਹੀਂ । ਇਸ ਨੁਕਤੇ ਵਾਲੀ ਬੁਝਾਰਤ ਨੂੰ ਸੋਈ ਗੁਰੂ ਨੇ ਹੀ ਬੁਝਾਇਆ ਹੈ। ਵਾਹਿਗੁਰੂ ਨਾਮ ਅਭਿਆਸ ਦੇ, ਸੱਚੇ ਸੰਜਮ ਵਾਲੀ ਸੁਕ੍ਰਿਤ ਕਰਣੀ ਕਿਰਤ ਜੋ ਜਨ ਕਮਾਉਂਦੇ ਹਨ, ਤਿਨਾਂ ਦਾ ਆਉਣਾ ਜਾਣਾ ਰਹਿ ਖੜੋਂਦਾ ਹੈ ।
ਓਹ ਗੁਰਮੁਖਿ ਜਨ ਵਾਹਿਗੁਰੂ ਦੀ ਸੱਚੀ ਦਰਗਾਹ ਵਿਖੇ ਸਦਾ ਹੀ ਸਚਿਆਰ ਪੇਖੇ ਜਾਂਦੇ ਹਨ । ਓਹ ਵਾਹਿਗੁਰੂ ਨਾਮ ਰੂਪੀ ਸੱਚ ਦੀ ਸੱਚੀ ਅਭਿਆਸ ਕਮਾਈ ਕਰਦੇ ਹਨ, ਜਿਨ੍ਹਾਂ ਗੁਰਮੁਖਾਂ ਨੂੰ ਵਾਹਿਗੁਰੂ ਨਾਮ ਰੂਪੀ ਸੱਚ ਅਧਾਰ ਰੂਪ ਹੋ ਕੇ ਰਹਾਇਆ ਹੋਇਆ ਹੈ। ਮਨਮੁਖ ਪੁਰਸ਼ ਦੂਜੇ ਭਾਵ ਵਿਚ ਭਰਮ-ਭੁਲੇ ਫਿਰਦੇ ਰਹਿੰਦੇ ਹਨ, ਓਹਨਾਂ ਨੂੰ ਇਸ ਅਕੱਥ ਕਥਾ ਵਾਲੇ ਗੁਰਮਤਿ ਨਾਮ ਦੀ ਗੁਰਮਤਿ ਨਾਮ ਅਭਿਆਸ ਕਮਾਈ ਫੁਰਦੀ ਹੀ ਨਹੀਂ ।
ਵਾਹਿਗੁਰੂ ਆਪੇ ਹੀ ਮੁਖੀ ਗੁਰੂ ਹੈ । ਮੁਖੀ ਗੁਰੁ ਗੁਰਮੁਖਿ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ । ਇਹ ਵਾਹਿਗੁਰੂ, ਕਲਾਧਾਰੀ ਵਾਹਿਗੁਰੂ ਆਪੇ ਹੀ ਗੁਰ- ਦੀਖਿਆ ਗੁਰਮਤਿ ਨਾਮ ਰੂਪੀ ਅਕੱਥ ਕਥਾ ਦਾ ਦਾਤਾ ਹੈ। ਆਪੇ ਹੀ ਦਾਤਿ ਦਿੰਦਾ ਹੈ। ਆਪੇ ਹੀ ਗੁਰਮੁਖਿ ਵਾਹਿਗੁਰੂ ਦਾਤਿ ਦਾਤਾਰੀ ਇਹ ਅਕੱਥ ਕਥਾ ਹੀ ਦਾਤਿ ਦੇ ਦੇ ਕੇ ਗੁਰਸਿੱਖਾਂ ਨੂੰ ਗੁਰਮੁਖਿ ਜਨ ਬਣਾਉਂਦਾ ਹੈ। ਉਨ੍ਹਾਂ ਨੂੰ ਗੁਰਮੁਖਿ ਬਣਾ ਬਣਾ ਕੇ (ਕਰਿ ਕਰਿ) ਵੇਖਦਾ ਤੇ ਵਿਗਸਦਾ ਹੈ। ਵਾਹਿਗੁਰੂ ਦਰਗਾਹ ਵਿਚਿ ਉਹੀ ਗੁਰਮੁਖਿ ਜਨ ਥਾਇੰ ਪੈਂਦੇ ਹਨ ਜਿਨ੍ਹਾਂ ਦੀ ਇਸ ਲੋਕ ਵਿਖੇ ਵਾਹਿਗੁਰੂ ਪਤਿ ਲੇਖੇ ਪਾਉਂਦਾ ਹੈ ।