Back ArrowLogo
Info
Profile

ਅਗਮ ਅਗਾਧਿ ਸੁਨਹੁ ਜਨ ਕਥਾ ॥ ਪਾਰਬ੍ਰਹਮ ਕੀ ਅਚਰਜ ਸਭਾ ॥੧॥ਰਹਾਉ॥

ਸਦਾ ਸਦਾ ਸਤਿਗੁਰ ਨਮਸਕਾਰ ॥ ਗੁਰ ਕਿਰਪਾ ਤੇ ਗੁਨ ਗਾਇ ਅਪਾਰ ॥

ਮਨ ਭੀਤਰਿ ਹੋਵੈ ਪਰਗਾਸੁ ॥ ਗਿਆਨ ਅੰਜਨੁ ਅਗਿਆਨ ਬਿਨਾਸੁ ॥੧॥

ਮਿਤਿ ਨਾਹੀ ਜਾ ਕਾ ਬਿਸਥਾਰੁ ॥ ਸੋਭਾ ਤਾ ਕੀ ਅਪਰ ਅਪਾਰ...॥੨॥

ਸਾਰਗ ਮਹਲਾ ੧ ਅਸ: ਘਰੁ ੬, ਪੰਨਾ ੧੨੩੫

ਗੁਰੂ ਸਾਹਿਬ ਆਪਣੇ ਅਖੀਂ ਦੇਖੀ ਪਾਰਬ੍ਰਹਮ ਦੀ ਅਚਰਜ ਸੋਭਾ ਵਾਲੀ ਅਗਮ ਅਗਾਧ ਬੋਧ ਕਥਾ ਸੁਣਾਉਂਦੇ ਹਨ-

ਅਗਮ ਅਗਾਧਿ ਸੁਨਹੁ ਜਨ ਕਥਾ ॥ ਪਾਰਬ੍ਰਹਮ ਕੀ ਅਚਰਜ ਸਭਾ ॥

ਏਹਨਾਂ ਗੁਰਵਾਕ-ਪੰਗਤੀਆਂ ਦੇ ਭਾਵ ਤੋਂ ਨਿਸਚਤ ਹੁੰਦਾ ਹੈ ਕਿ ਪਾਰਬ੍ਰਹਮ ਨਿਰੰਕਾਰ ਵਾਹਿਗੁਰੂ ਦਾ ਦਰਬਾਰ ਭੀ ਹੈ । ਉਸ ਦਰਬਾਰ ਵਿਖੇ ਹਰ ਦਮ ਸਭਾ ਲਗੀ ਹੀ ਰਹਿੰਦੀ ਹੈ । ਉਸ ਦਾ ਦਰਬਾਰ ਭੀ ਅਚਰਜ ਹੈ ਤੇ ਸਭਾ ਭੀ ਅਚਰਜ ਹੈ । ਉਸ ਅਸਚਰਜ ਦਰਬਾਰੀ ਸਭਾ ਦੀ ਸੋਭਾ ਭੀ ਅਤੀ ਅਗਮ ਅਤੇ ਅਗਾਧਿ ਬੋਧਿ ਹੈ। ਨਾਮੀ ਵਾਹਿਗੁਰੂ ਦੇ ਨਾਮ ਦੀ ਕਥਾ ਤਾਂ ਸਚਮੁਚ ਹੀ ਅਕੱਥ ਹੈ ਤੇ ਗੁਰਬਾਣੀ ਰੂਪੀ ਅਕੱਥ ਕਥਾ, ਜੋ ਗੁਰੂ ਸਾਹਿਬਾਂ ਨੇ ਵਖਾਣੀ ਹੈ, ਇਹ ਭੀ ਅਤੀ ਅਸਚਰਜ ਤੇ ਅਨੂਪ ਹੈ । ਜਿਨ੍ਹਾਂ ਅੱਖਰਾਂ ਵਿਚ ਇਹ ਅਕੱਥ ਕਥਾ ਵਖਾਣੀ ਗਈ ਹੈ, ਉਨ੍ਹਾਂ ਅੱਖਰਾਂ ਵਿਚ ਹੀ ਇਸ ਅਕੱਥ ਕਥਾ ਦਾ ਕਥਣਾ ਹੀ ਸੰਭਵ ਹੈ ਅਤੇ ਗੁਣਕਾਰੀ ਹੈ । ਇਸ ਅਕੱਥ ਕਥਾ ਨੂੰ ਕਥਿਆਂ ਹੀ ਅਸਚਰਜਤਾ ਵਰਤ ਜਾਂਦੀ ਹੈ। ਇਸ ਮੰਡਲ ਤੋਂ ਹੇਠਾਂ ਖੇਡਣ ਵਾਲੀਆਂ ਅਲਪੱਗ ਬਿਰਤੀਆਂ ਉਸ ਅਸਚਰਜ ਤੇ ਅਕੱਥ ਕਥਾ ਦਾ ਕੀ ਵਰਨਣ ਕਰ ਸਕਦੀਆਂ ਹਨ ?

ਉਸ ਸਤਿਗੁਰੂ ਸਚੇ ਪਾਤਸ਼ਾਹ ਨੂੰ ਸਦਾ ਸਦਾ ਨਮਸਕਾਰ, ਬੰਦਨਾ, ਜੋਹਾਰ ਅਤੇ ਡੰਡਉਤ ਹੈ, ਜਿਸ ਦੀ ਕਿਰਪਾ ਤੋਂ ਵਾਹਿਗੁਰੂ ਦੇ ਅਸਚਰਜ ਅਪਾਰ ਗੁਣਾਂ ਦਾ ਗਾਵਣਾ ਨਸੀਬ ਹੋਇਆ। ਕੇਵਲ ਵਾਹਿਗੁਰੂ ਦੀ ਕਿਰਪਾ ਕਰਕੇ ਵਾਹਿਗੁਰੂ ਗੁਣ ਗਾਇ ਗਾਇ ਅਤੇ ਵਾਹਿਗੁਰੂ ਨਾਮ ਧਿਆਇ ਧਿਆਇ ਵਾਹਿਗੁਰੂ ਦੇ ਅਦੁਤੀ ਅਚਰਜ ਰੂਪ ਦਾ ਘਟ ਭੀਤਰ ਪ੍ਰਗਾਸ ਹੁੰਦਾ ਹੈ । ਜੋਤੀਸ਼ ਵਾਹਿਗੁਰੂ ਦਾ ਇਹ ਜੋਤਿ-ਚਾਨਣੇ- ਮਈ ਪ੍ਰਕਾਸ਼ ਭੀ ਅਗਮ ਅਗਾਧ ਬੋਧ ਹੈ, ਜੋ ਅਲਪਗ ਰਸਨਾ ਤੋਂ ਕਥਿਆ ਨਹੀਂ ਜਾ ਸਕਦਾ । ਇਸ ਪ੍ਰਕਾਸ਼ ਦੇ ਦੇਖਣਹਾਰੇ ਨੂੰ ਹੀ ਜੋਤਿ-ਮਈ ਸੱਚੇ ਗਿਆਨ ਦਾ ਚਾਨਣਾ ਹੁੰਦਾ ਹੈ ਅਤੇ ਅਗਿਆਨ-ਅੰਧੇਰੇ ਦੀ ਤਿਮਰਤਾ ਦਾ ਬਿਨਾਸ ਹੁੰਦਾ ਹੈ । ਵਾਹਿਗੁਰੂ ਦੇ ਵਿਸਥਾਰ ਸਰੂਪ ਦਾ ਕੋਈ ਹੱਦ ਬੰਨਾ ਨਹੀਂ । ਵਾਹਿਗੁਰੂ ਦੇ ਸਰੂਪ ਦੀ ਸੋਭਾ ਅਪਰ ਅਪਾਰ ਹੈ । ਬਸ ਦੇਖਾ ਹੀ ਪਰਵਾਨ ਹੈ ।

ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥

ਸਲੋਕ ਕਬੀਰ ਜੀ, ਪੰਨਾ ੧੩੭੦

129 / 170
Previous
Next