ਵਾਹਿਗੁਰੂ ਦੇ ਸਰੂਪ ਦਾ ਅਨੁਮਾਨ ਲਾਵਣਾ ਭੀ ਅਸੰਭਵ ਹੈ । ਵਾਹਿਗਰੂ ਦੇ ਅਦ੍ਰਿਸ਼ਟ ਤੇ ਅਕਥਨੀਯ ਸਰੂਪ ਦੀ ਕਿਸੇ ਦ੍ਰਿਸ਼ਟਮਾਨ ਸਰੂਪ ਨਾਲ ਤਸ਼ਬੀਹ ਦੇਣੀ ਭੀ ਮਹਾਂ ਅਗਿਆਨਤਾ ਹੈ । ਤਾਂ ਤੇ ਵਾਹਿਗੁਰੂ ਦੇ ਅਗਮ ਅਗਾਧ ਬੋਧ ਦਾ ਵਰਨਣ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ । ਵਾਹਿਗੁਰੂ ਗੁਰਮੰਤ੍ਰ, ਆਕਰਖਣ ਕਲਾ ਵਾਲੀ ਕ੍ਰਿਸ਼ਮ ਕਮਾਈ, ਵਾਹਿਗੁਰੂ ਦਾ ਸਰੂਪ ਕੇਵਲ ਲਖਿਆ ਹੀ ਜਾ ਸਕਦਾ ਹੈ, ਕਥਨ ਨਹੀਂ ਕੀਤਾ ਜਾ ਸਕਦਾ। ਕਥਨ ਕਰ ਕੇ ਬਣਾਇਆ ਹਰਗਿਜ਼ ਨਹੀਂ ਜਾ ਸਕਦਾ । ਸ਼ੋਭਾ ਜੁ ਅਪਾਰ ਹੋਈ । ਸਾਰੀ ਦੀ ਸਾਰੀ ਗੁਰਬਾਣੀ ਇਸ ਅਪਰ ਅਪਾਰ ਸ਼ੋਭਾ ਦਾ ਹੀ ਵਰਨਣ ਹੈ । ਏਦੂੰ ਉਪਰੰਤ (ਵਖਰੀ) ਹੋਰ ਕੋਈ ਕਥਾ ਨਹੀਂ ਹੋ ਸਕਦੀ । ਇਸ ਬਿਸਮਾਦ ਅਕੱਥਤਾ ਤੋਂ ਹੇਠਾਂ ਉਤਰ ਕੇ ਤੰ ਗੁਣੀ ਹਲਕੇ (ਦਾਇਰੇ) ਵਿਚਿ ਬਿਚਰ ਰਹੀ ਅਲਪੱਗ ਬੁਧੀ ਇਸ ਤੁਰੀਆ ਗੁਣੀ ਅਸਚਰਜ ਅਵਸਥਾ ਦਾ ਕੀ ਵਰਨਣ ਕਥਨ ਕਰ ਸਕਦੀ ਹੈ । ਜੇ ਕਰਦੀ ਹੈ ਤਾਂ ਨਿਰੀ ਅਗਿਆਨਤਾ ਹੈ। ਕਿਸੇ ਲੇਖੇ ਨਹੀਂ ਪੈਣੀ । ਇਸ ਦਾ ਕੋਈ ਗੁਣ ਲਾਭ ਨਹੀਂ ।
ਗੁਰੁ ਸਾਲਾਹੀ ਸਦਾ ਸੁਖਦਾਤਾ ਪ੍ਰਭੁ ਨਾਰਾਇਣੁ ਸੋਈ ॥
ਗੁਰ ਪਰਸਾਦਿ ਪਰਮ ਪਦੁ ਪਾਇਆ ਵਡੀ ਵਡਿਆਈ ਹੋਈ॥
ਅਨਦਿਨੁ ਗੁਣ ਗਾਵੈ ਨਿਤ ਸਾਚੇ ਸਚਿ ਸਮਾਵੈ ਸੋਈ ॥੧॥
ਮਨ ਰੇ ਗੁਰਮੁਖਿ ਰਿਦੈ ਵੀਚਾਰਿ ॥
ਤਜਿ ਕੂੜੁ ਕੁਟੰਬੁ ਹਉਮੈ ਬਿਖੁ ਤ੍ਰਿਸਨਾ ਚਲਣੁ ਰਿਦੈ ਸਮਾਲਿ ॥੧॥ਰਹਾਉ॥
ਸਤਿਗੁਰੁ ਦਾਤਾ ਰਾਮ ਨਾਮ ਕਾ ਹੋਰੁ ਦਾਤਾ ਕੋਈ ਨਾਹੀ ॥
ਜੀਅ ਦਾਨੁ ਦੇਇ ਤ੍ਰਿਪਤਾਸੇ ਸਚੈ ਨਾਮਿ ਸਮਾਹੀ ॥
ਅਨਦਿਨੁ ਹਰਿ ਰਵਿਆ ਰਿਦ ਅੰਤਰਿ ਸਹਜਿ ਸਮਾਧਿ ਲਗਾਹੀ॥੨॥
ਸਤਿਗੁਰ ਸਬਦੀ ਇਹੁ ਮਨੁ ਭੇਦਿਆ ਹਿਰਦੈ ਸਾਚੀ ਬਾਣੀ ॥
ਮੇਰਾ ਪ੍ਰਭੁ ਅਲਖੁ ਨ ਜਾਈ ਲਖਿਆ ਗੁਰਮੁਖਿ ਅਕਥ ਕਹਾਣੀ ॥
ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰਿੰਗਪਾਣੀ ॥੩॥
ਆਵਣ ਜਾਣਾ ਬਹੁੜਿ ਨ ਹੋਵੈ ਗੁਰਮੁਖਿ ਸਹਜਿ ਧਿਆਇਆ ॥
ਮਨ ਹੀ ਤੇ ਮਨੁ ਮਿਲਿਆ ਸੁਆਮੀ ਮਨ ਹੀ ਮੰਨੁ ਸਮਾਇਆ ॥
ਸਾਚੇ ਹੀ ਸਚੁ ਸਾਚਿ ਪਤੀਜੈ ਵਿਚਹੁ ਆਪੁ ਗਵਾਇਆ ॥੪॥
ਏਕੋ . ਏਕੁ ਵਸੈ ਮਨਿ ਸੁਆਮੀ ਦੂਜਾ ਅਵਰੁ ਨ ਕੋਈ ॥
ਏਕੋ ਨਾਮੁ ਅੰਮ੍ਰਿਤੁ ਹੈ ਮੀਠਾ ਜਗਿ ਨਿਰਮਲ ਸਚੁ ਸੋਈ ॥
ਨਾਨਕ ਨਾਮੁ ਪ੍ਰਭੂ ਤੇ ਪਾਈਐ ਜਿਨ ਕਉ ਧੁਰਿ ਲਿਖਿਆ ਹੋਈ ॥੫॥੪॥
ਮਲਾਰ ਮਹਲਾ ੩, ਪੰਨਾ ੧੨੫੮-੫੯