ਸਤਿਗੁਰੂ ਨਾਮ ਦਾ ਦਾਤਾ ਹੈ । ਗੁਰੂ ਦੁਆਰਾ ਉਚਾਰੀ ਉਸ ਦੀ ਬਾਣੀ, ਅਰਥਾਤ, ਗੁਰਬਾਣੀ ਐਸੀ ਗੁਣਕਾਰੀ ਹੈ ਕਿ ਵਾਹਿਗੁਰੂ ਜਿਹੀ ਅਲੱਖ ਹਸਤੀ ਨੂੰ ਭੀ ਲਖਾ ਦੇਂਦੀ ਹੈ, ਪਰਤੱਖ ਕਰਾ ਦੇਂਦੀ ਹੈ । ਵਾਹਿਗੁਰੂ ਤੇ ਗੁਰੂ ਦੀ ਜੋਤ ਇਕੋ ਹੀ ਹੈ । ਓਤਿ ਪੋਤਿ ਕਰਕੇ ਇੱਕ-ਮਿੱਕ ਤੇ ਅਭੇਦ ਹੈ । ਵਾਹਿਗੁਰੂ ਨੂੰ ਸਲਾਹੁਣਾ, ਗੁਰੂ ਨੂੰ ਹੀ ਸਲਾਹੁਣਾ ਹੈ। ਗੁਰਬਾਣੀ ਅੰਦਰਿ "ਗੁਰੁ ਸਾਲ ਹੀ' ਲਿਖਤ ਜਦੋਂ ਆਉਂਦੀ ਹੈ ਉਸ ਤੋਂ ਭਾਵ ਵਾਹਿਗੁਰੂ ਸਲਾਹੁਣ ਦਾ ਹੀ ਹੁੰਦਾ ਹੈ। ਵਾਹਿਗੁਰੂ ਨਾਮ ਰੂਪੀ ਸਿਫਤਿ ਸਾਲਾਹ ਵਿਚਿ ਗੁਰੂ ਦਾ ਸਲਾਹੁਣਾ ਅਰਥ ਖ਼ੁਦ ਹੀ ਆ ਜਾਂਦਾ ਹੈ । ਇਸ ਗੁਰਵਾਕ ਦੀ ਪਹਿਲੀ ਪੰਗਤੀ ਵਿਚ ਸਪੱਸ਼ਟ ਲਿਖਤ ਆਉਂਦੀ ਹੈ :
ਗੁਰੁ ਸਾਲਾਹੀ ਸਦਾ ਸੁਖਦਾਤਾ ਪ੍ਰਭੁ ਨਾਰਾਇਣੁ ਸੋਈ ॥
ਇਸ ਦਾ ਭਾਵ ਸਾਫ਼ ਇਹੀ ਹੈ ਕਿ ਗੁਰੂ ਵਾਹਿਗੁਰੂ ਹੈ । ਪ੍ਰਭ ਨਾਰਾਇਣ ਸੋਈ ਹੀ ਹੈ। ਵਾਹਿਗੁਰੂ ਨਾਮ ਦਾ ਸਲਾਹੁਣਾ ਵਾਹਿਗੁਰੂ ਨਾਮ ਰੂਪੀ ਸਿਫਤਿ ਸਾਲਾਹ ਬੜੀ ਹੀ ਸੁਖਦਾਈ ਹੈ । ਇਹ ਸਿਫਤਿ ਸਾਲਾਹੀ ਨਾਮ ਵਾਹਿਗੁਰੂ ਗੁਰ ਪ੍ਰਸਾਦ ਕਰਕੇ ਹੀ ਸਲਾਹਿਆ ਜਾ ਸਕਦਾ ਹੈ । ਇਸ ਵਾਹਿਗੁਰੂ ਨਾਮ ਰੂਪੀ ਸਿਫਤਿ ਸਾਲਾਹ ਦੀ ਅਭਿਆਸ ਕਮਾਈ ਕੀਤਿਆ ਜੋ ਪਰਮ ਪਦ ਪ੍ਰਾਪਤ ਹੁੰਦਾ ਹੈ, ਇਹ ਭੀ ਗੁਰੂ ਦੇ ਪ੍ਰਸਾਦ ਕਰਕੇ ਹੀ ਹੁੰਦਾ ਹੈ । ਵਾਹਿਗੁਰੂ ਦੀ ਵਡੀ ਵਡਿਆਈ ਰੂਪੀ ਸਿਫਤਿ ਸਾਲਾਹ ਗੁਰੂ ਦੇ ਪ੍ਰਸਾਦ ਕਰ ਕੇ ਹੀ ਹੁੰਦੀ ਹੈ । ਇਸ ਸਿਫਤਿ ਸਾਲਾਹ ਦਾ ਕਰਨਾ ਭੀ ਗੁਰ ਪ੍ਰਸਾਦ ਕਰਕੇ ਨਸੀਬ ਹੁੰਦਾ ਹੈ। ਗੁਰੂ ਦੀ ਬਾਣੀ, ਗੁਰਬਾਣੀ ਵਿਖੇ ਸਾਰੇ ਆਏ ਹੋਏ, ਗਾਏ ਗਏ ਗੁਣ ਸੱਚੇ ਵਾਹਿਗੁਰੂ ਦੇ ਹੀ ਗੁਣ ਹਨ। ਏਹਨਾਂ ਗੁਣਾਂ ਨੂੰ, ਪਾਰਸ-ਮਈ ਵਾਹਿਗੁਰੂ ਦੇ ਸੱਚੇ ਗੁਣਾਂ ਨੂੰ ਨਿਤ ਨਿਤ ਦਿਨੇ ਰਾਤ ਗਾਈ ਜਾਣਾ, ਸੱਚੇ ਵਾਹਿਗੁਰੂ ਦੇ ਸਰੂਪ ਵਿਚਿ ਸਮਾਈ ਕਰਾਉਣ ਨੂੰ ਸਮਰੱਥ ਹੈ।
ਤਾਂ ਤੇ ਗੁਰਮੁਖ ਹੋਰ ਵਿਚਾਰਾਂ ਨੂੰ ਛਡ ਕੇ ਵਾਹਿਗੁਰੂ ਦੇ ਗੁਣਾਂ ਨੂੰ ਹੀ ਆਪਣੇ ਹਿਰਦੇ ਵਿਚਿ ਇੰਨ-ਬਿੰਨ ਬਿੰਨ੍ਹ ਕੇ ਗੁੰਫਤ ਕਰਦੇ ਹਨ । ਸੰਸਾਰ ਤੋਂ ਸੱਚੀ ਉਪਰਾਮਤਾ ਏਹਨਾਂ ਗੁਣਾਂ ਨੂੰ ਗਾ ਕੇ ਸੁਤੇ ਸੁਭਾਵ ਹੀ ਪ੍ਰਾਪਤ ਹੋ ਜਾਂਦੀ ਹੈ । ਵਾਹਿਗੁਰੂ ਨਾਮ ਬਿਨਾਂ ਸਭ ਕੁਛ ਕੂੜ ਹੀ ਕੂੜ ਓਹਨਾਂ ਨੂੰ ਪ੍ਰਤੀਤ ਹੋਣ ਲਗ ਪੈਂਦਾ ਹੈ । ਕੁਟੰਬ ਭੀ ਕੂੜ, ਪਰਵਾਰ, ਕਬੀਲੇ, ਕੁਟੰਬ ਦੀ ਮੋਹ-ਮਮਤਾ ਭੀ ਕੂੜ, ਸਾਰਾ ਅਡੰਬਰ ਹੀ ਕੂੜ ਭਾਸਣ ਲਗ ਪੈਂਦਾ ਹੈ । ਸੂਖਮ ਤੋਂ ਸੂਖਮ ਹਉਮੈ ਹੰਕਾਰ ਸਭ ਬਿਕਾਰ ਰੂਪ ਕੂੜਾਵਾ ਹੀ ਦਿਸਦਾ ਹੈ । ਨਾਮ ਰੂਪੀ ਅੰਮ੍ਰਿਤ ਬਿਨਾਂ ਸਭ ਪਦਾਰਥ ਬਿਖ ਰੂਪ ਅਤੇ ਬਿਖਿਆ ਵਤ ਹੀ ਕੂੜਾਵੇ ਤੇ ਕਉੜੇ ਲਗਦੇ ਹਨ । ਨਾਮ ਜਪਣ ਦੀ ਸਿੱਕ ਬਿਨਾਂ ਹੋਰ ਦੂਜੀ ਤ੍ਰਿਸ਼ਨਾ ਕਿਸੇ ਪਦਾਰਥ ਦੀ ਜਾਂ ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਭੀ ਓਹਨਾਂ ਦੇ ਮਨ ਅੰਦਰ ਨਹੀਂ ਰਹਿੰਦੀ ਟਿਕਦੀ । ਸਭੇ ਤ੍ਰਿਸ਼ਨਾਵਾਂ ਮੁੱਕ ਚੁੱਕ ਜਾਂਦੀਆਂ ਹਨ। ਇਸ ਜਗਤ ਸੰਸਾਰ ਵਿਖੇ ਵਸਦੇ ਰਹਿਣਾ ਭੀ ਕੂੜਾਵਾ ਹੀ ਭਾਸਦਾ