Back ArrowLogo
Info
Profile

ਭਵ ਉਤਾਰ ਨਾਮ ਭਨੇ ॥ ਰਾਮ ਰਾਮ ਰਾਮ ਮਾਲ ॥

ਮਨਿ ਫੇਰਤੇ ਹਰਿ ਸੰਗਿ ਸੰਗੀਆ ॥ ਜਨ ਨਾਨਕ ਪ੍ਰਿਉ ਪ੍ਰੀਤਮੁ ਥੀਆ ॥੨॥

੧॥੨੩॥ ਮਲਾਰ ਮਹਲਾ ੫ ਪੜਤਾਲ, ਪੰਨਾ ੧੨੭੧-੭੨

ਗੁਰੂ ਵਾਹਿਗੁਰੂ ਨਾਮ ਨੂੰ ਮਨ ਰਿਦ ਅੰਤਰੇ ਉਤਾਰ ਕੇ ਪ੍ਰੀਤਮ ਵਾਹਿਗੁਰੂ ਦਿਆਲੂ ਵਾਹਿਗੁਰੂ ਦੇ ਨਾਲ ਪ੍ਰੇਮ-ਮਿਲਾਪੀ ਰੰਗ ਮਾਣਿਆ । ਸਾਰੇ ਬਿਕਾਰ ਰੂਪ ਕੀਤੇ ਹੋਏ ਸੀਗਾਰ ਤਿਆਗ ਦਿਤੇ । ਕੇਵਲ ਵਾਹਿਗੁਰੂ ਨਾਮ ਨਾਲ ਹੀ ਸੱਚਾ ਪ੍ਰੇਮ ਪਿਆਰ ਸੀਂਗਾਰ ਰੂਪੀ ਪਰਚਾ ਪਾਇਆ। ਇਉਂ ਕੇਵਲ ਵਾਹਿਗੁਰੂ ਨਾਮ ਨਾਲ ਹੀ ਮਨ ਜੋੜ ਕੇ ਦਹਿ ਦਿਸਿ ਧਾਂਵਦੇ ਮਨ ਨੂੰ ਅਸਥਿਰ ਕਰ ਕੇ ਟਿਕਾਣੇ ਲਾਇਆ ।

ਇਸ ਪ੍ਰਕਾਰ ਮਨ ਨੂੰ ਕਾਬੂ ਕਰ ਕੇ ਤੋ ਆਪਾ ਭਾਵ ਵਿਚੋਂ ਗਵਾ ਕੇ ਗੁਰਮੁਖਿ ਸਾਧ ਸੰਤ ਜਨਾਂ ਦੀ ਸੰਗਤਿ ਕੀਤੀ । ਇਹ ਸਤਿਸੰਗ ਕਰਨ ਨਾਲ ਐਸੇ ਰੰਗ ਬਣੇ ਕਿ ਨਾਮ ਦੀ ਲਿਵਤਾਰ ਜੁੜ ਕੇ ਦਸਮ ਦੁਆਰੜੇ ਜਾਇ ਨਿਵਾਸ ਕੀਤਾ, ਜਿਥੇ ਅਨਹਦ ਕੱਕਲੀ ਧੁਨੀ ਵਾਲੇ ਸੱਚੜੇ ਮਿਰਦੰਗ ਬਾਜੇ ਬਜੇ । ਉਥੇ ਅਤਿ ਹੀ ਅਕੱਥਨੀਯ ਸ਼ੋਭਾ ਵਾਲੇ ਵਾਹਿਗੁਰੂ ਰਮਤ ਰਾਮ ਦੇ ਮਧੁਰ ਬੈਨੀ (ਅਤਿ ਮਿਠੜੀ ਧੁਨੀ ਵਾਲੇ) ਅਜਪਾ ਜਾਪੀ ਅਭਿਆਸ ਹੋਏ । ਅਪਾਰ ਵਾਹਿਗੁਰੂ ਕਰਤਾਰ ਦੇ ਨਿਰੰਕਾਰੀ ਦਰਸ਼ਨਾਂ ਦੀ ਸ਼ੋਭਾ ਵਿਖੇ ਜਿਉਂ ਜਿਉਂ ਲੀਨਤਾ ਹੋਈ, ਤਿਉਂ ਤਿਉਂ ਨਾਮ ਅਭਿਆਸ ਦਾ ਰਸਿਕ ਬੇਰਾਗੀ ਸੁਆਦ ਵਧੇਰੇ ਤੋਂ ਵਧੇਰੇ ਵਿਸਮਾਦ ਵਾਲਾ ਆਉਣ ਲਗਾ।

ਐਸੀ ਹੈ ਵਾਹਿਗੁਰੂ ਦੇ ਦਰਸ਼ਨਾਂ ਦੀ ਅਤਿ ਪਿਆਰੀ, ਪਾਰਾਵਾਰ ਅਪਾਰੀ, ਕਦੇ ਨਾ ਮਿਟਣ ਵਾਲੀ, ਸਦਾ ਹੀ ਪ੍ਰੇਮ-ਮਗਨਤਾ ਵਿਚ ਮਘੀ ਰਹਿਣ ਵਾਲੀ ਅਪਾਰ ਦੀਦਾਰੀ ਸ਼ੋਭਾ, ਜੋ ਸਚਖੰਡ ਦੇ ਸੱਚ ਨਿਗਾਹੀ ਪਰਤੱਖ ਨਜ਼ਾਰੇ ਕਰਦਿਆਂ ਹੁੰਦੀ ਹੈ । ਸੋਈ ਸ਼ੋਭਾ ਇੰਨ ਬਿੰਨ ਏਹਨਾਂ ਹੀ ਦਰਸ਼ਨਾਂ ਦੀ ਗੁਰਮੁਖਿ ਸੰਤਾਂ ਦੀ ਸਤਸੰਗਤਿ ਕਰਦਿਆਂ ਹੋਇਆਂ, ਨਾਮ ਅਭਿਆਸ ਰੂਪੀ ਲਗਾਤਾਰੀ ਅਕੱਥ ਕਥਾਰੀ ਲਿਵਤਾਰ ਵਿਚਿ ਰਹੱਸਤ ਹੁੰਦੀ ਹੀ ਰਹਿੰਦੀ ਹੈ । ਭਵਜਲ ਤੋਂ ਪਾਰ- ਉਤਾਰਨਹਾਰੇ ਨਾਮ-ਅਭਿਆਸ ਰੂਪੀ ਭਨੀ ਹੀ ਕਥਾ ਪਰਵਾਨ ਹੈ, ਜਪੀ ਹੀ ਬਣ ਆਉਂਦੀ ਹੈ। ਇਸ ਜਿਹਬਾ ਦੁਆਰਾ ਮਨ-ਘੜਤ ਗੋਂਦ ਗੁੰਦੜੀ ਕਥਾ ਨਹੀਂ ਬਣ ਆਉਂਦੀ । ਬਸ ਰਾਮ ਰਾਮ ਰਮਤ, ਵਾਹਿਗੁਰੂ ਸਿਮਰਨ ਰੂਪੀ ਮਾਲਾ ਇਕ-ਮਨ ਇਕ-ਚਿਤ ਹੋ ਕੇ, ਗੁਰਮੁਖਿ ਅਭਿਆਸੀ ਜਨ ਵਾਹਿਗੁਰੂ ਸੰਗ ਦੇ ਸਤਸੰਗੀਆਂ ਨਾਲ ਮਿਲ ਕੇ ਫੇਰਦੇ ਹਨ ਅਤੇ ਇਕ-ਰਸ ਫੇਰੀ ਹੀ ਜਾਂਦੇ ਹਨ । ਇਸ ਬਿਧਿ ਅਕਥਨੀਯ ਕਥਾ ਨੂੰ ਕਥਾ ਜਾਣਾ ਹੀ ਗੁਰੂ ਘਰ ਦੀ ਸੱਚੀ ਕਥਾ ਹੈ। ਇਸ ਤੋਂ ਬਿਨਾਂ ਹੋਰ ਕੋਈ ਕਥਾ ਨਹੀਂ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ, ਇਸ ਬਿਧਿ ਅਕੱਥ ਕਥਾ ਕੀਤਿਆਂ ਹੀ, ਲਗਾਤਾਰ ਵਾਹਿਗੁਰੂ ਨਾਮ ਅਭਿਆਸਿਆਂ ਹੀ, ਵਾਹਿਗੁਰੂ ਪਿਆਰਾ ਪ੍ਰੀਤਮ ਰਾਉ ਬਣ ਕੇ ਪਕਦਾ ਹੈ, ਅਤੇ ਪਕਦਾ ਹੀ ਰਹਿੰਦਾ ਹੈ।

146 / 170
Previous
Next