ਮੇਰਾ ਮਨੁ ਸੰਤ ਜਨਾ ਪਗ ਰੇਨ ॥
ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਮਨੁ ਕੋਰਾ ਹਰਿ ਰੰਗਿ ਭੇਨ ॥੧॥ਰਹਾਉ॥
ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ ॥
ਪ੍ਰਭਿ ਦੀਨ ਦਇਆਲਿ ਕੀਓ ਅੰਗੀਕ੍ਰਿਤੁ ਮਨਿ ਹਰਿ ਹਰਿ ਨਾਮੁ ਜਪੇਨ ॥੧॥
ਹਰਿ ਕੇ ਸੰਤ ਮਿਲਹ ਮਨ ਪ੍ਰੀਤਮ ਕਟਿ ਦੇਵਉ ਹੀਅਰਾ ਤੇਨ ॥
ਹਰਿ ਕੇ ਸੰਤ ਮਿਲੇ ਹਰਿ ਮਿਲਿਆ ਹਮ ਕੀਏ ਪਤਿਤ ਪਵੇਨ ॥੨॥
ਹਰਿ ਕੇ ਜਨ ਊਤਮ ਜਗਿ ਕਹੀਅਹਿ ਜਿਨ ਮਿਲਿਆ ਪਾਥਰ ਸੇਨ ॥
ਜਨ ਕੀ ਮਹਿਮਾ ਬਰਨਿ ਨ ਸਾਕਉ ਓਇ ਊਤਮ ਹਰਿ ਹਰਿ ਕੇਨ ॥੩॥
ਤੁਮ ਹਰਿ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਰੇ ਰਾਸਿ ਦੇਨ॥
ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਲਦਿ ਵਾਖਰੁ ਹਰਿ ਹਰਿ ਲੇਨ ॥੪॥੨॥
ਕਾਨੜਾ ਮਹਲਾ ੪, ਪੰਨਾ ੧੨੯੪-੯੫
ਗੁਰੂ ਘਰ ਦੇ ਸੰਤ-ਸਮਾਗਮ ਵਿਖੇ ਜੁੜ ਕੇ ਅਤੇ ਗੁਰਮੁਖਿ ਨਾਮ ਦੇ ਰਸੀਆਂ ਸੰਤ ਜਨਾਂ ਦੀ ਸੰਗਤਿ ਵਿਚਿ ਮਿਲ ਕੇ ਅਤੇ ਅਧੀਨਤਾ ਸਹਿਤ ਉਨ੍ਹਾਂ ਦਾ ਸਾਥੀਅੜਾਂ ਹੋ ਕੇ, ਵਾਹਿਗੁਰੂ ਨਾਮ ਦੀ ਸਿਫਤਿ ਸਾਲਾਹੀ ਕਥਾ ਸੁਣਨ ਕਰਨ ਕਰਕੇ, ਸਤਸੰਗਤਿ ਤੋਂ ਕਰਾ ਹਿਰਦਾ ਵਾਹਿਗੁਰੂ ਦੇ ਰੰਗਾਂ ਵਿਚਿ ਭਿਜ ਜਾਂਦਾ ਹੈ । ਇਥੇ ਸਾਫ਼ ਲਿਖਿਆ ਹੈ 'ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ', ਸੰਗਤਿ ਵਿਚ ਮਿਲ ਕੇ, ਸੰਗਤਿ ਨਾਲ ਜੁੜ ਕੇ, ਗੁਰਬਾਣੀ ਰੂਪੀ ਵਾਹਿਗੁਰੂ ਦੀ ਸਿਫਤਿ ਸਾਲਾਹ ਯਾ ਹਰਿ-ਜਸ ਰੂਪੀ ਕੀਰਤਨ ਦਾ ਸਦਾ ਗਾਵਣਾ ਸੁਣਨਾ ਹੀ ਹਰਿ ਕਥਾ ਦਾ ਸੁਣਨਾ ਹੈ । ਕਿਸੇ ਇਕ ਇਕੱਲੇ ਕਥੋਕੜ ਗਿਆਨੀ ਦੀ ਚੁੰਚ ਕਥਾ ਸੁਣਨ ਦਾ ਭਾਵ ਇਥੇ ਹਰਗਿਜ਼ ਨਹੀਂ ।
ਵਾਹਿਗੁਰੂ ਨਾਮ ਦੀ ਗਤਿ ਮਿਤਿ ਗੁਰਮਤਿ ਨਾਮ ਤੋਂ ਵਾਂਝੇ ਹੋਏ, ਨਾਮ ਨੂੰ ਨ ਚੇਤਣਹਾਰੇ ਅਚੇਤ ਜਨਾਂ ਤੋਂ ਨਹੀਂ ਜਾਣੀ ਜਾਂਦੀ । ਗੁਰੂ ਨੂੰ ਮਿਲ ਕੇ, ਗੁਰੂ ਦੁਆਰਿਓਂ ਗੁਰ-ਦੀਖਿਆ ਲੈ ਕੇ ਸੱਚੇ ਨਾਮ ਦੇ ਚੇਤਨਹਾਰੇ ਬਣੀਦਾ ਹੈ ਤੇ ਸੁਚਿਤ ਚਿੱਤ ਹੋਈਦਾ ਹੈ। ਐਸੇ ਗੁਰਪ੍ਰਸਾਦੀ ਗੁਰਮੁਖਿ ਜਨਾਂ ਨੂੰ ਹੀ ਗੁਰਮਤਿ ਕਥਾ ਦੀ ਸੱਚੀ ਸੂਝ ਹੋ ਸਕਦੀ ਹੈ । ਓਹਨਾਂ ਨੂੰ ਹੀ ਸੰਗਤਿ ਵਿਚਿ ਮਿਲ ਕੇ ਸਚੜੀ ਕਥਾ ਦੇ ਸੁਣਨ ਕਰਨ ਦੀ ਸਾਵਧਾਨਤਾ ਰੂਪੀ ਚੇਤੰਨਤਾ ਹੋ ਸਕਦੀ ਹੈ । ਵਾਹਿਗੁਰੂ ਦਿਆਲੂ ਦੀ ਨਦਰ ਮੇਹਰ ਦੇ ਪਾਤ੍ਰ ਬਣਿਆਂ, ਵਾਹਿਗੁਰੂ ਆਪ ਹੀ ਨਦਰ ਪਾਤ੍ਰਾਂ ਨੂੰ ਅੰਗੀਕਾਰ ਕਰਿ ਲੈਂਦਾ ਹੈ । ਫੇਰ ਇਹਨਾਂ ਅੰਗੀਕਾਰ ਹੋਏ ਗੁਰਮੁਖਿ ਜਨਾਂ ਦੇ ਮਨ ਵਾਹਿਗੁਰੂ ਨਾਮ ਦੇ ਜਪਣ ਰੂਪੀ ਸਚੜੀ ਕਥਾ ਦੇ ਰਸੀਏ ਬਣਦੇ ਹਨ । ਐਸੇ ਨਾਮ ਦੇ ਰਸੀਏ, ਵਾਹਿਗੁਰੂ ਪ੍ਰੀਤਮ ਦੇ ਪ੍ਰੇਮੀ ਜਨਾਂ ਦੇ ਉਪਰੋਂ, ਜੀਅਰਾ ਹੀਅਰਾ ਸਾਰਾ ਸਰਬੰਸ ਕਟ ਕਟ ਕੇ ਵਾਰ ਦਿਤਾ ਜਾਵੇ, ਤਦ ਭੀ ਥੋੜਾ ਹੈ । ਅਜਿਹੇ ਨਾਮ-ਰਸਿਕ-ਪਰਬੀਨ ਗੁਰਮੁਖਿ ਸੰਤ ਜਨਾਂ ਨੂੰ ਮਿਲਿਆਂ ਵਾਹਿਗੁਰੂ ਦਾ ਹੀ ਮਿਲਾਪ ਹੋ ਜਾਂਦਾ ਹੈ । ਗੁਰਮੁਖਿ