

ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁੰ
ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥
ਰਾਮ ਨਾਮ ਗੁਨ ਗਾਵਹੁ ਹਰਿ ਪ੍ਰੀਤਮ ਉਪਦੇਸਿ ਗੁਰੂ ਗੁਰ ਸਤਿਗੁਰਾ
ਸੁਖੁ ਹੋਤੁ ਹਰਿ ਹਰੇ ਹਰਿ ਹਰੇ ਹਰੇ ਭਜੁ ਰਾਮ ਰਾਮ ਰਾਮ ॥੧॥
ਜਿਸ ਕਿਰਪਾਲ ਵਾਹਿਗੁਰੂ ਨੇ ਸਭ ਸ੍ਰਿਸ਼ਟੀ ਨੂੰ ਧਾਰ ਸਾਜ ਕੇ ਸ੍ਰਿਸ਼ਟਾਇਆ ਹੈ, ਸੋਈ ਵਾਹਿਗੁਰੂ ਕਿਰਪਾਲ ਸਚੇ ਵਾਹਿਗੁਰੂ ਨਾਮ ਦਾ ਅਧਾਰ ਦੇ ਕੇ ਆਪਣੀ ਰਚੀ ਸ੍ਰਿਸ਼ਟੀ ਨੂੰ ਉਧਾਰਨ ਯੋਗ ਹੈ । ਉਧਾਰਦਾ ਓਹਨਾਂ ਨੂੰ ਹੈ, ਜੋ ਜਨ ਗੁਰ ਸਰਣਾਗਤੀ, ਗੁਰੂ ਕੀ ਸਰਣੀ ਆਉਂਦੇ ਹਨ ਅਤੇ ਗੁਰੂ ਦੁਆਰਿਓਂ ਗੁਰ-ਦੀਖਿਆ ਦੀ ਦੋਲਤ ਨਾਲ ਮਾਲਾ ਮਾਲ ਹੋ ਕੇ ਵਰਸਾਉਂਦੇ ਹਨ। ਬਸ ਗੁਰਮਤਿ ਦੁਆਰਾ ਹੀ ਇਹ ਅਕੱਥ ਕਥਾ ਰੂਪੀ ਵਾਹਿਗੁਰੂ ਭਜਨ ਦੀ ਦਾਤਿ ਪ੍ਰਾਪਤ ਹੁੰਦੀ ਹੈ-
ਸਭ ਸਿਸਟਿ ਧਾਰ ਹਰਿ ਤੁਮ ਕਿਰਪਾਲ ਕਰਤਾ ਸਭੁ ਤੂ ਤੂ ਤੂ ਰਾਮ ਰਾਮ ਰਾਮ ॥
ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜੁ ਰਾਮ ਰਾਮ ਰਾਮ ॥੨॥੩॥੯॥
ਜਪਿ ਮਨ ਗੋਬਿੰਦ ਮਾਧੋ॥ ਹਰਿ ਹਰਿ ਅਗਮ ਅਗਾਧੋ ॥
ਮਤਿ ਗੁਰਮਤਿ ਹਰਿ ਪ੍ਰਭ ਲਾਧੋ ॥ ਧੁਰਿ ਹੋ ਹੋ ਲਿਖੇ ਲਿਲਾਧੋ ॥੧॥ਰਹਾਉ॥
ਕਾਨੜਾ ਮਹਲਾ ੪, ਪੰਨਾ ੧੨੯੭
ਇਸ ਅਸਥਾਈ ਵਾਲੀ ਪੰਗਤੀ ਵਿਖੇ ਇਹ ਗੱਲ ਨਿਸਚੇ ਕਰਕੇ ਦ੍ਰਿੜਾਈ ਗਈ ਹੈ, 'ਹੋ ਹੋ' ਦਾ ਦੋ ਵਾਰ ਆਉਣਾ ਨਿਸਚੇ ਕਰਕੇ ਇਸ ਗੱਲ ਨੂੰ ਦ੍ਰਿੜਾਵਣਾ ਹੈ ਕਿ ਹੇ ਮੇਰੇ ਮਨ, ਸਭ ਸ੍ਰਿਸ਼ਟੀ ਦੇ ਪਾਲਕ ਤੇ ਮਾਲਕ ਵਾਹਿਗੁਰੂ ਨੂੰ ਹਰਦਮ ਜਪੀ ਜਾਹ । ਇਸ ਵਾਹਿਗੁਰੂ ਰੂਪੀ ਜਾਪ ਦਾ ਹਰ ਦਮ ਜਪੀ ਜਾਣਾ ਹੀ ਹਰਿ ਹਰਿ ਰੂਪੀ ਅਗਮ ਅਗਾਧ ਕਥਾ ਹੈ। ਇਸ ਅਕੱਥ ਕਥਾ ਦੇ ਕਰਨ ਕਰਕੇ, ਭਾਵ, ਗੁਰਮਤਿ ਨਾਮ ਦੇ ਜਪੀ ਜਾਣ ਕਰਕੇ ਹੀ ਵਾਹਿਗੁਰੂ ਦੀ ਲੱਭਤਾ ਦਾ ਘਟ ਅੰਦਰੋਂ ਹੀ ਪ੍ਰਕਾਸ਼ ਲਿਸ਼ਕਾਰਾ ਚਮਤਕਾਰਾ ਹੋ ਜਾਂਦਾ ਹੈ । ਪਰ ਇਹ ਦਾਤਿ ਤਿਸੇ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਸ ਦੇ ਲਿਲਾਟ ਮਸਤਕ ਉਤੇ ਹੀ ਇਹ ਦਾਤਿ ਧੁਰੋਂ ਲਿਖੀ ਹੁੰਦੀ ਹੈ ।
ਹਰਿ ਜਸੁ ਗਾਵਹੁ ਭਗਵਾਨ ॥ ਜਸੁ ਗਾਵਤ ਪਾਪ ਲਹਾਨ ॥
ਮਤਿ ਗੁਰਮਤਿ ਸੁਨਿ ਜਸੁ ਕਾਨ ॥ ਹਰਿ ਹੋ ਹੋ ਕਿਰਪਾਨ ॥੧॥ਰਹਾਉ॥
ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ
ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ ॥