

ਗਾਥਾ ਗੁੰਫ ਗੋਪਾਲ ਕਥਾ ਮਥ ਮਾਨ ਮਰਦਨਹ ॥
ਹਤੰ ਪੰਚ ਸਤਰੇਣ ॥ ਨਾਨਕ ਹਰਿ ਬਾਣੇ ਪ੍ਰਹਾਰਣਹ ॥੬॥
ਗਾਥਾ ਮਹਲਾ ੫, ਪੰਨਾ ੧੩੬੦
ਵਾਹਿਗੁਰੂ ਰੂਪੀ ਗੁਣਾਂ ਦੀ ਗੁੰਫਤ ਕੀਤੀ ਹੋਈ ਨਾਮ ਰੂਪੀ ਮਾਲਾ, ਨਾਮ ਅਭਿਆਸ ਰੂਪੀ ਕਥਾ ਐਸੀ ਹੈ ਜਿਸ ਦੇ ਕੀਤਿਆਂ (ਵਾਹਿਗੁਰੂ ਨਾਮ ਅਭਿਆਸਿਆਂ) ਹੰਕਾਰ ਦੂਰ ਹੁੰਦਾ ਹੈ, ਕਾਮ ਕ੍ਰੋਧ ਆਦਿਕਾਂ ਦਾ ਨਾਸ ਹੋ ਜਾਂਦਾ ਹੈ । ਇਸ ਗੁਰਵਾਕ ਅੰਦਰਿ ਵਾਹਿਗੁਰੂ ਦੇ ਗੁਣਾਂ ਨੂੰ ਕਥਨਾ, ਵਾਹਿਗੁਰੂ ਨਾਮ ਅਭਿਆਸ ਕਰਨਾ ਹੀ ਸਪੱਜਟ ਤੌਰ ਤੇ ਕਥਾ ਦਾ ਕਰਨਾ ਮੰਨਿਆ ਗਿਆ ਹੈ । ਇਹ ਨਾਮ ਅਭਿਆਸ ਹੀ ਹੈ ਜਿਸ ਦੇ ਸਾਸਿ ਗਿਰਾਸਿ ਜਪਿਆਂ ਮਾਣ ਆਦਿਕ ਦਾ ਮਰਦਨ ਹੁੰਦਾ ਹੈ । ਨਿਰੀ ਅਰਥਾਬੰਦੀ, ਜੋ ਕਿ ਕਥਾ ਦਾ ਕਰਨਾ ਹੈ, ਅਲਪੱਗ ਬੁੱਧੀ ਅਨੁਸਾਰ ਅਰਥ ਕਰਿ ਕਰਿ ਪਰਫੁੱਲੀਆਂ ਪਾਵਣਾ ਕਿਸੇ ਲੇਖੇ ਨਹੀਂ । ਗੁਰਮਤਿ ਅਨੁਸਾਰ ਅਭਿਆਸ ਹੀ ਐਸੀ ਸਾਰ ਕਥਾ ਹੈ, ਜਿਸ ਦੀ ਪਰਸ ਕਲਾ ਦੁਆਰਾ ਪੰਚਾਂ ਦੂਤਾਂ ਦਾ ਨਾਸ ਹੋ ਜਾਂਦਾ ਹੈ । ਪਾਰਸ ਰੂਪੀ ਨਾਮ ਸਿਮਰ ਸਿਮਰ ਕੇ ਹੀ, ਨਾਮ ਨੂੰ ਬਾਰੰਬਾਰ ਜਪਨ (ਕਥਨ) ਕਰਨਾ ਹੀ ਤੱਤ ਗੁਰਮਤਿ ਕਥਾ ਹੈ। ਇਸ ਤੋਂ ਉਪਰੰਤ ਹੋਰ ਕੋਈ ਕਥਾ ਨਹੀਂ । ਇਹੀ ਨਾਮ ਸਿਮਰਨ ਰੂਪੀ ਪਾਰਸ ਕਥਾ ਹੀ ਗੂੜ੍ਹ ਅਪਾਰ ਗੁਰਮਤਿ ਗਾਥਾ ਹੈ।
ਸੁੰਦਰ ਮੰਦਰ ਸੈਣਹ ॥ ਜੇਣ ਮਧ ਹਰਿ ਕੀਰਤਨਹ ॥
ਮੁਕਤੇ ਰਮਣ ਗੋਬਿੰਦਹ ॥ ਨਾਨਕ ਲਬਧੀ ਬਡ ਭਾਗਣਹ ॥੧੨॥
ਗਾਥਾ ਮਹਲਾ ੫, ਪੰਨਾ ੧੩੬੦
ਤਿਨ੍ਹਾਂ ਮੰਦਰਾਂ ਦਾ ਸੋਣਾ (ਨਿਵਾਸ ਕਰਨਾ) ਹੀ ਸੁੰਦਰ ਸੋਹਣਾ ਹੈ, ਜਿਨ੍ਹਾਂ ਅੰਦਰਿ ਹਰਿ ਕੀਰਤਨ ਰੂਪੀ ਵਾਹਿਗੁਰੂ ਨਾਮ ਦੀ ਕਥਾ ਸਾਸ ਸਾਸ ਹੁੰਦੀ ਰਹਿੰਦੀ ਹੈ । ਵਾਹਿਗੁਰੂ ਨਾਮ ਨੂੰ ਰਟਣਹਾਰੇ ਹੀ ਸੱਚੇ ਜੀਵਨ-ਮੁਕਤਿ ਗੁਰਮੁਖਿ ਜਨ ਹਨ । ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਵਾਹਿਗੁਰੂ ਨਾਮ ਰੂਪੀ ਕੀਰਤਨ ਕਥਾ ਵਡੇ ਭਾਗਾਂ ਕਰਕੇ ਲਭਦੀ ਹੈ । ਜਿਨ੍ਹਾਂ ਘਟਾਂ ਅੰਦਰਿ ਵਾਹਿਗੁਰੂ ਨਾਮ ਰੂਪੀ ਕੀਰਤਨ ਅਭਿਆਸ ਦਮ-ਬਦਮ ਚਲਦਾ ਹੀ ਰਹਿੰਦਾ ਹੈ, ਸੋਈ ਘਟ ਹੀ ਸੁੰਦਰ ਸੋਹਣੇ ਹਨ। ਨਾਮ ਵਿਹੂਣੇ ਘਰ, ਮੰਦਰ, ਘਟ ਸਭ ਮਸਾਣ ਸਮਾਨ ਹਨ।
ਜਥ ਕਥ ਰਮਣੰ ਸਰਣੰ ਸਰਬਤ੍ਰ ਜੀਅਣਹ ॥
ਤਬ ਲਗਣੰ ਪ੍ਰੇਮ ਨਾਨਕ ॥ ਪਰਸਾਦੰ ਗੁਰ ਦਰਸਨਹ ॥੧੭॥
ਗਾਥਾ ਮਹਲਾ ੫, ਪੰਨਾ ੧੩੬੧