ਏਸੁ ਕਥਾ ਕਾ ਦੇਇ ਬੀਚਾਰੁ ॥ ਭਵਜਲੁ ਸਬਦਿ ਲੰਘਾਵਣਹਾਰੁ ॥੪੩॥
(ਪੰਨਾ ੯੪੨-੪੩)
ਏਹਨਾਂ ਦੋਹਾਂ ਪ੍ਰਸ਼ਨਾਂ ਉਤਰਾਂ ਦੀ ਗੁਰੂ-ਸੰਵਾਰੀ ਇਬਾਰਤ ਵਿਚਿ ਕਥਾ ਅਤੇ ਅਕੱਥ ਕਥਾ ਤੋਂ ਭਾਵ ਸਾਫ ਗੁਰ ਸ਼ਬਦ ਦਾ ਹੈ । "ਕਵਣ ਕਥਾ ਲੇ ਰਹਹ ਨਿਰਾਲੇ" ਪੰਗਤੀ ਵਿਚਿ 'ਕਥਾ' ਤੋਂ ਭਾਵ ਸਾਫ਼ ਗੁਰ-ਦੀਖਿਆ ਗੁਰਮੰਤ੍ਰ ਦਾ ਹੈ । ਇਸ ਪੰਗਤੀ ਦਾ ਭਾਵ ਹੈ ਕਿ ਕਿਹੜੀ ਐਸੀ ਗੁਰ-ਦੀਖਿਆ ਤੈਨੂੰ ਮਿਲੀ ਹੈ, ਜਿਸਦੇ ਕਾਰਨ ਤੁਸੀਂ ਨਿਰਾਲੇ ਵੱਖਰੇ ਵਿਲੱਖਣ ਹੀ ਜਾਪਦੇ ਹੋ (ਰਹਿੰਦੇ ਹੋ) ? ਭਾਈ ਗੁਰਦਾਸ ਜੀ ਦੀ ਇਸ ਮਹਾਂ ਵਾਕ ਦੀ ਤੁਕ "ਕੀਤਸੁ ਅਪਣਾ ਪੰਥ ਨਿਰਾਲਾ"* ਵਿਚ ਆਏ ਨਿਰਾਲਾ ਪਦ ਦਾ ਭਾਵ ਹੀ 'ਰਹਹੁ ਨਿਰਾਲੇ ਦੁਪਦੇ ਦੇ ਵਿਚਿ ਆਏ ਨਿਰਾਲੇ ਤੋਂ ਹੈ। "ਕਵਣੁ ਮੂਲ ਕਵਣੁ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥" ਦੁਪੰਗਤੀ ਦਾ ਸਿਧਾਂਤ ਸਾਫ਼ ਸਪਸ਼ਟ ਹੋ ਗਿਆ ਕਿ ਸਿੱਧਾਂ ਨੇ ਇਸ ਭਾਵ ਦਾ ਪ੍ਰਸ਼ਨ ਕੀਤਾ ਹੈ ਕਿ ਤੇਰੇ ਮਤਿ ਦਾ (ਜ ਤਾਂ ਧਾਰਨ ਕੀਤਾ ਹੈ) ਕੀ ਮੂਲ ਅਤੇ ਵੇਲਾ ਹੈ ? ਸਤਿਗੁਰੂ ਨਾਨਕ ਸਾਹਿਬ ਜੀ ਨੇ ਉਤਰ ਦਿਤਾ ਕਿ ਸਤਿਗੁਰੂ ਦੇ ਮਤਿ ਗੁਰਮਤਿ ਦਾ ਵੇਲਾ ਹੀ ਪ੍ਰਧਾਨ ਹੈ ਤੇ ਜੁਗੋ ਜੁਗ ਪ੍ਰਧਾਨ ਹੈ ਤੇ ਰਹੇਗਾ । ਜਿਸ ਦਾ ਅਰੰਭ ਪਵਨ ਰੂਪ ਗੁਰੂ ਸ਼ਬਦ ਤੋਂ ਹੈ, ਜੈਸਾ ਕਿ "ਪਵਨ ਅਰੰਭ ਸਤਿਗੁਰ ਮਤਿ ਵੇਲਾ" ਵਾਲੀ ਗੁਰਪੰਗਤੀ ਵਿਚਿ ਸਤਿਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨੂੰ ਦਿਤਾ ਹੈ । 'ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ' ਵਾਲੀ ਪ੍ਰਸ਼ਨਕ ਪੰਗਤੀ ਦਾ ਉਤਰ ਤਾਂ ਸਪੱਸ਼ਟ ਹੀ ਗੁਰੂ ਸਾਹਿਬ ਜੀ ਨੇ ਇਹ ਦਿਤਾ ਹੈ ਕਿ 'ਸਬਦੁ ਗੁਰੂ ਸੁਰਤਿ ਧੁਨਿ ਚੇਲਾ" । ਇਸ ਉਤਰ ਵਾਲੀ ਗੁਰ ਪੰਗਤੀ ਤੋਂ ਇਹ ਗੁਰਮਤਿ ਅਸੂਲ (ਸਿਧਾਂਤ) ਸਿੱਧ ਹੋਇਆ ਕਿ ਗੁਰਮਤਿ ਅੰਦਰਿ 'ਸਬਦੁ' ਹੀ ਗੁਰੂ ਸਰੂਪ ਹੈ ਅਤੇ ਸ਼ਬਦ ਦੀ ਧੁਨੀ ਵਿਚ ਸੁਰਤੀਸ਼ਰ ਹੋਣਾ, ਸ਼ਬਦ ਗੁਰੂ ਦਾ ਚੇਲਾ ਬਣਨਾ ਹੈ । ਹੋਰ ਕੋਈ ਦੇਹਧਾਰੀ ਗੁਰੂ ਚੇਲੇ ਵਾਲੀ ਕੁਰੀਤ ਪ੍ਰਚਲਤ ਹੋਣੀ ਗੁਰਮਤਿ ਅੰਦਰਿ ਮਹਾਂ ਨਿਖੇਧਤ ਹੈ । "ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥" ਵਾਲੀ ਦੁਤੁਕੀ ਇਸ ਭੇਦ ਨੂੰ ਭਲੀ ਭਾਂਤ ਵਿਦਤਾਉਂਦੀ ਹੈ ਕਿ ਜੁਗੋ ਜੁਗ ਏਕੋ ਗੁਰਮਤਿ ਧਰਮ ਹੀ ਦ੍ਰਿੜਨ ਦ੍ਰਿੜਾਵਨ ਜੋਗ ਧਰਮ ਹੈ ਅਤੇ ਗੁਰੂ ਦਰਸਾਈ ਗੁਰਮੰਤ੍ਰ- ਗੁਰਦੀਖਿਆ ਰੂਪੀ ਅਕੱਥ ਕਥਾ ਖ਼ਾਸ ਵਿਲੱਖਣਤਾ ਰਖਦੀ ਹੈ। ਏਸੇ ਕਰਕੇ ਗੁਰੂ ਨਾਨਕ ਸਾਹਿਬ ਸਭ ਪੀਰਾਂ ਪੈਗੰਬਰਾਂ, ਪਰਸਿੱਧ ਗੁਰੂ ਪੀਰਾਂ ਤੋਂ ਨਿਰਾਲੇ ਅਤੇ ਸਰਬੋਤਮੀ ਵਿਲੱਖਣਤਾ ਰਖਦੇ ਹਨ । ਗੁਰੂ ਸਾਹਿਬ ਨੇ ਜੋ ਗੁਰਮਤਿ ਸਰਬੋਤਮੀ ਕਥਾ ਗੁਰ-ਸ਼ਬਦ ਦੀ ਦ੍ਰਿੜਾਈ ਹੈ, ਉਹ ਅਕੱਥ ਹੈ । ਹੋਰ ਕਿਸੇ ਤੋਂ ਕੱਥੀ ਨਹੀਂ ਜਾਂਦੀ। ਨਾ ਕਿਸੇ ਤੋਂ ਕੱਥੀ ਗਈ ਹੈ, ਨਾ ਕਿਸੇ ਤੋਂ ਕੱਥੀ ਜਾਵੇਗੀ।
*ਵਾਰ ੧ ਪਉੜੀ =੧