ਭਾਵ, ਜਿਸ ਨੂੰ ਇਸ ਹਰੀ ਭਜਨ ਕੀਰਤਨ ਰੂਪੀ ਕਥਾ ਦਾ ਰਸ ਆਇਆ ਹੈ, ਜਿਸ ਨੇ ਇਸ ਅਕਥ ਕਥਾ ਦਾ ਰਸ ਚਖਿਆ ਹੈ, ਤਿਸ ਦੀ ਸਾਰੀ ਭੁਖ ਜਨਮ ਜਨਮਾਂਤਰਾਂ ਦੀ ਲਹਿ ਗਈ ਤੇ ਲਹਿ ਜਾਂਦੀ ਹੈ । ਫੇਰ ਸਭ ਤੋਂ ਛੇਕੜਲੀ ਤੁਕ ਵਿਚ ਆਉਂਦਾ ਹੈ ਕਿ "ਨਾਨਕ ਜਨ ਹਰਿ ਕਥਾ ਸੁਣਿ ਤ੍ਰਿਪਤੇ ਜਪਿ ਹਰਿ ਹਰਿ ਹਰਿ ਹੋਵੰਤੀ ॥" ਇਸ ਤੁਕ ਨੇ ਤਾਂ ਸਾਫ਼ ਤੌਰ ਤੇ ਹੀ ਸਪੱਸ਼ਟ ਕਰ ਦਿਤਾ ਕਿ ਵਾਹਿਗੁਰੂ ਨਾਮ ਨੂੰ ਸੁਣਨਾ ਜਪਣਾ, ਨਾਮ ਭਜਣਾ ਹੀ ਹਰਿ-ਕਥਾ ਹੈ । ਇਸ ਬਿਧਿ ਹਰਿ ਹਰਿ ਜਪਿਆਂ ਹਰੀ ਰੂਪ ਹੀ ਹੋ ਜਾਈਦਾ ਹੈ । ਹੁਣ ਭੀ ਕੋਈ ਕਸਰ ਬਾਕੀ ਰਹਿ ਗਈ । ਬਜ, ਨਿਰੋਲ ਬਾਣੀ ਦਾ ਸੁਣਨਾ, ਨਿਰਬਾਣ ਭਜਨ ਕੀਰਤਨ ਕਰਨਾ ਹੀ ਹਰਿ ਕਥਾ ਹੈ ।
ਗੁਰਮਤਿ ਨਾਮੁ ਦਮੋਦਰੁ ਪਾਇਆ ਹਰਿ ਹਰਿ ਨਾਮੁ ਉਰਿ ਧਾਰੇ ॥
ਹਰਿ ਹਰਿ ਕਥਾ ਬਨੀ ਅਤਿ ਮੀਠੀ ਜਿਉ ਗੂੰਗਾ ਗਟਕ ਸੰਮ੍ਹਾਰੇ ॥੪॥
ਨਟ ਅਸ: ਮ: ੪, ਪੰਨਾ ੯੮੦
ਇਸ ਗੁਰਵਾਕ ਤੋਂ ਭੀ ਸਾਫ਼ ਹੈ ਕਿ "ਹਰਿ ਹਰਿ ਨਾਮ ਉਰਿ ਧ ਰਨਾ" ਹੀ ਅੱਤ ਮੀਠੀ ਕਥਾ ਦਾ ਕਰਨਾ ਹੈ। ਹਰ ਕਥਾ ਪਾ ਪਾ ਕੇ ਕਥਾਵਾਂ ਕਰਨੀਆਂ ਸਭ ਫਿਕੀਆਂ ਕਚ-ਨਿਕਚੀਆਂ ਗੱਲਾਂ ਕਰਨੀਆਂ ਹਨ । ਇਸ ਤੋਂ ਅਗਲੇਰਾ ਗੁਰਵਾਕ ਪ੍ਰਮਾਣ ਭੀ ਇਹੋ ਦ੍ਰਿੜਾਉਂਦਾ ਹੈ :-
ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰਿ ਨੀਕੇ ਬਚਨ ਸਮਾਰੇ ॥
ਗਾਵਤ ਗਾਵਤ ਹਰਿ ਗੁਨ ਗਾਏ ਗੁਨ ਗਾਵਤ ਗੁਰਿ ਨਿਸਤਾਰੇ ॥
ਨਟ ਮ: ੪, ਪੰਨਾ ੯੮੧
ਭਾਵ, ਹਰਿ ਗੁਣ ਗਾਵਣਾ, ਗੁਰਬਾਣੀ ਗਾਈ ਜਾਵਣਾ ਹੀ ਮੀਠੀ ਨਿਰਗੁਣ ਕਥਾ ਦਾ ਕਰਨਾ ਹੈ । ਸਚ ਮੁਚ ਨਿਰਗੁਣ ਸਰੂਪਾ ਗੁਰਬਾਣੀ ਦੀ ਕਥਾ ਭੀ ਨਿਰਗੁਣੀ ਹੀ ਹੈ । ਧੁਰੋਂ ਆਈ ਬਾਣੀ ਅਤਿ ਮੀਠੀ ਹੈ । ਨਿਰਗੁਣ ਕਥਾ ਜੁ ਹੋਈ ਇਸ ਨਿਰੋਲ ਨਿਰਬਾਣ ਨਿਰਗੁਣ ਬਾਣੀ ਵਿਚਿ । ਹੋਰ ਮਨੋ-ਉਕਤੀ ਤ੍ਰੈ ਗੁਣੀ ਬਾਣੀ ਦਾ ਇਸ ਨਿਰੋਲ ਗੁਰਬਾਣੀ ਵਿਚ ਰਲਾਵਣਾ ਮਹਾਂ ਮਨਮਤਿ ਹੈ। ਤ੍ਰੈਗੁਣੀ ਕਚਪਿਚੀ ਕੁਬਾਣੀ ਨਿਰੋਲ ਨਿਰਗੁਣ ਬਾਣੀ ਵਿਚਿ ਰਲਾਵਣੀ ਅਤੀਅੰਤ ਹੀ ਬਿਵਰਜਤ ਹੈ ਗੁਰਮਤਿ ਅਨੁਸਾਰ । ਗੁਰਬਾਣੀ ਦਾ ਗਾਈ ਹੀ ਜਾਵਣਾ, ਅਖੰਡ ਕੀਰਤਨ ਕਰੀ ਜਾਣਾ ਹੀ ਕਲਜੁਗੀ ਜੀਵਾਂ ਦਾ ਨਿਸਤਾਰਾ ਕਰਦਾ ਹੈ। ਗੁਰੂ ਦੁਆਰਾ ਨਿਸਤਾਰਾ ਗੁਰਬਾਣੀ ਦਾ ਕੀਰਤਨ ਕਰਦੇ ਹੋਏ ਅਤੀ ਸਹਿਲਾ ਹੈ । ਬਸ "ਗਾਵਤ ਗਾਵਤ ਹਰਿ ਗੁਨ ਗਾਏ ਗੁਨ ਗਾਵਤ ਗੁਰਿ ਨਿਸਤਾਰੇ' ਦੇ ਭਾਵ ਵਾਲੀ ਕਥਾ ਹੀ ਗੁਰਮਤਿ ਅੰਦਰਿ ਪਰਵਾਨ ਹੈ ਅਤੇ ਇਹੋ ਨਿਰਗੁਣ ਕਥਾ ਹੈ, ਜਿਸ ਦੇ ਤੁਲ ਹੋਰ ਕੋਈ ਕੜੀ ਕਥਾ, ਕੁਥਾ ਨਹੀਂ ਹੈ।