ਭਾਵ, ਨਿਰੇ ਕਥਨ ਮਾਤਰ ਤੋਂ ਮਨਮੁਖਾਂ ਨੂੰ ਪ੍ਰਮਾਰਥ ਦਾ ਤੱਤ ਗਿਆਨ ਹੋ ਹੀ ਨਹੀਂ ਸਕਦਾ । ਬਸ ਮਨਮੁਖ ਪੁਰਸ਼ ਫੇਰ ਫੇਰ ਚੁਰਾਸੀ ਦੇ ਗੇੜ ਵਿਚਿ ਫਿਰਦਾ ਰਹਿੰਦਾ ਹੈ, ਠਉਰ ਠਿਕਾਣਾ ਤਿਸ ਨੂੰ ਕੋਈ ਮਿਲਦਾ ਹੀ ਨਹੀਂ, ਨ- ਕਿਤੇ ਟਿਕਾਉ ਹੁੰਦਾ ਹੈ । ਜਿਹੜਾ ਗੁਰਮੁਖਿ ਸਿੱਖ ਹੈ, ਉਹ ਸਗੁਰਾ, ਗੁਰ- ਦੀਖਿਆ ਸੁਭਰ ਭਰਾ ਹੋਣ ਕਰਕੇ ਗੁਰ-ਗਿਆਨ-ਪਦਾਰਥ-ਨਾਮ ਵਿਖੇ ਸਦਾ ਹਰਾ ਭਰਾ ਸਰਸ਼ਾਰ ਅਤੇ ਸਿਫਤਿ ਸਾਲਾਹ ਵਿਖੇ ਸਦਾ ਸਾਵਧਾਨ (ਚੁਕੰਨਾ) ਰਹਿੰਦਾ ਹੈ । ਸਿਫਤਿ ਸਾਲਾਹ ਕਰਦਾ ਹੀ ਰਹਿੰਦਾ ਹੈ। ਕਦੇ ਅਵੇਸਲਾ ਨਹੀਂ ਬਹਿੰਦਾ । ਵਾਹਿਗੁਰੂ ਦਾ ਨਾਮ ਲੈਂਦਾ ਹੀ ਰਹਿੰਦਾ ਹੈ । ਵਾਹਿਗੁਰੂ ਨਾਮ ਜਾਪੁ ਸੁਆਸਿ ਸੁਆਸਿ ਕਰਦਾ ਹੀ ਰਹਿੰਦਾ ਹੈ । ਉਸ ਦੀ ਅਕੱਥ ਕਥਾ ਨਾਮ ਜਾਪ ਦੀ ਖਿਨ ਖਿਨ ਹੁੰਦੀ ਹੀ ਰਹਿੰਦੀ ਹੈ । ਨਾਮ-ਰੰਗਾਂ ਵਿਚਿ ਲੀਨ ਹੋ ਕੇ ਜਦੋਂ ਉਹ ਬਾਣੀ ਦਾ ਪਾਠ ਕਰਦਾ ਹੈ, ਗੁਰਬਾਣੀ ਰਟਦਾ ਹੈ ਤਾਂ ਉਸ ਦੇ ਮੁਖੋਂ ਅੰਮ੍ਰਿਤ- ਪੁਹਾਰੀ ਫੁਲ ਕਿਰਦੇ ਹਨ। ਇਉਂ ਉਹ ਇਕ ਪ੍ਰਕਾਰੀ ਗੁਰਮਤਿ ਨਿਰਾਰੀ ਕਥਾ ਦਾ ਕਰਨਹਾਰਾ ਹੁੰਦਾ ਹੈ । ਨਾਮ ਰਸੀਏ ਸਾਰੇ ਸ੍ਰੋਤੇ ਬਕਤੇ ਪਰਸਪਰ ਮਿਲ ਕੇ ਜਦੋਂ ਗੁਰਬਾਣੀ ਦਾ ਅਖੰਡ ਕੀਰਤਨ ਗੁਣਾਵਾਦ ਕਰਦੇ ਹਨ ਤਾਂ ਸਭਨਾਂ ਦੇ ਮੁਖੋਂ ਅੰਮ੍ਰਿਤ ਦੇ ਝਰਨੇ ਹੀ ਝਰਦੇ ਹਨ । ਏਦੂੰ ਵਧ ਕੇ ਹੋਰ ਨਿਰਾਰੀ ਅਮਰ ਕਥਾ ਕਿਹੜੀ ਹੋ ਸਕਦੀ ਹੈ ? ਕੱਚੀ ਪਿੱਚੀ ਕਥਾ ਉਹਨਾਂ ਨੂੰ ਚੰਗੀ ਨਹੀਂ ਲਗਦੀ । ਮਨ-ਉਕੱਤ ਬੁੱਧੀ ਮੱਤਾਂ ਵਾਲੀ ਉਲ ਜਲੂਲੀ ਨੂੰ ਨਾ ਓਹ ਕਥਦੇ ਹਨ, ਨਾ ਸੁਣਦੇ ਹਨ। ਇਸ ਉਲ ਜਲੂਲੀ ਕਥਾ ਪਰਪਾਟੀ ਨੇ ਪੰਥ ਨੂੰ ਬੜਾ ਹੀ ਘਾਟਾ ਪਾਇਆ ਹੈ । ਕਥਾ ਕਰਨਹਾਰੇ ਮਨ-ਮਤਸਰੀ ਨਿਜ ਬੁਧੀ ਦੇ ਮਾਲਕ ਹੁੰਦੇ ਹਨ । ਫਿਕੀਆਂ ਕਥਾਵਾਂ ਪਾ ਪਾ ਕੇ ਦੂਜਿਆਂ ਨੂੰ ਬੁੱਧੂ ਬਣਾਉਂਦੇ ਹਨ । ਆਪਣਾ ਉੱਲੂ ਸਿੱਧਾ ਕਰਦੇ ਹਨ । ਸ੍ਰੋਤਿਆਂ ਨੂੰ ਉੱਲੂ ਬਣਾਉਂਦੇ ਹਨ । ਅਜਿਹੇ ਉੱਲੂ-ਬੁੱਧੀ ਦੇ ਬੁਧੱਕੜਾਂ ਉਲੱਕੜਾਂ ਤੋਂ ਸਰਦਾ ਕਖ ਭੀ ਨਹੀਂ । ਓਹਨਾਂ ਦੀ ਬਿਰਥਾ ਘਾਲ ਅਜਾਈਂ ਹੀ ਜਾਂਦੀ ਹੈ । ਸ਼ਬਦ-ਨਾਮ ਵਿਹੂਣਿਆਂ ਨੂੰ ਕਦੇ ਭੀ ਪ੍ਰਮਾਰਥ ਦੀ ਸੋਝੀ ਨਹੀਂ ਪੈ ਸਕਦੀ । ਓਹ ਕਥਾ ਕੀ ਕਰਨਗੇ ? ਖ਼ਾਕ ! ਗੁਰਵਾਕ ਹੈ—
ਬਿਨੁ ਸਬਦੈ ਤੁਧੁ ਨੋ ਕੋਈ ਨ ਜਾਣੀ ॥ ਤੁਧੁ ਆਪੇ ਕਥੀ ਅਕਥ ਕਹਾਣੀ ॥
ਆਪੇ ਸਬਦੁ ਸਦਾ ਗੁਰੁ ਦਾਤਾ ਹਰਿ ਨਾਮੁ ਜਪਿ ਸੰਬਾਹਾ ਹੈ ॥੧੪॥
ਮਾਰੂ ਮ: ੩, ਪੰਨਾ ੧੦੫੬
ਸਪੱਸ਼ਟ ਭਾਵ-ਹੇ ਵਾਹਿਗੁਰੂ ! ਸ਼ਬਦ ਬਿਨਾਂ ਤੇ ਖ਼ਾਸ ਸ਼ਬਦ (ਗੁਰਮਤਿ ਨਾਮ) ਬਿਨਾਂ ਤੈਨੂੰ ਕੋਈ ਨਹੀਂ ਜਾਣ ਸਕਦਾ, ਤੇ ਨਾ ਹੀ ਇਸ ਸ਼ਬਦ ਨੂੰ ਕੋਈ ਜਾਣ ਸਕਦਾ ਹੈ ਤੇਰੇ ਜਾਣਾਏ ਬਿਨਾਂ। 'ਸਬਦੈ' ਪੱਦ ਦੇ ਦੱਦੇ ਅੱਖਰ ਨੂੰ ਲਾਮ