ਸਬਦੇ ਅਕਥੁ ਕਥੇ ਸਾਲਾਹੇ ॥ ਮੇਰੇ ਪ੍ਰਭ ਸਾਚੇ ਵੇਪਰਵਾਹੇ ॥
ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ ॥੧੩॥
ਮਾਰੂ ਮਹਲਾ ੩, ਪੰਨਾ ੧੦੫੭
ਸਾਧਾਰਨ ਹੈ ਵਿਆਖਿਆ ਇਸ ਗੁਰਵਾਕ ਦੀ-ਖ਼ਾਸ ਸ਼ਬਦ (ਗੁਰਮੰਤ੍ਰ) ਦੀ ਕਮਾਈ (ਅਭਿਆਸ ਕਮਾਈ) ਦੁਆਰਾ ਹੀ ਅਕੱਥ ਕਥਾ ਰੂਪੀ ਸਿਫਤਿ ਸਾਲਾਹ ਹੁੰਦੀ ਹੈ, ਮੇਰੇ ਸਚੇ ਵਾਹਿਗੁਰੂ ਵੇਪਰਵਾਹ ਦੀ । ਉਹ ਵੇਪਰਵਾਹ ਵਾਹਿਗੁਰੂ ਜਿਸ ਦੀ ਪਰਵਾਹ ਕਰਦਾ ਹੈ, ਜਿਸ ਜਨ ਉਤੇ ਆਪਣੀ ਕਿਰਪਾ ਦਾ ਪ੍ਰਸਾਦ ਵਰਤਾਉਂਦਾ ਵਰਸਾਉਂਦਾ ਹੈ, ਤਿਸੇ ਨੂੰ ਹੀ ਇਸ ਸ਼ਬਦ (ਗੁਰਮੰਤ੍ਰ) ਰੂਪੀ ਅਕੱਥ ਕਥਾ ਦੀ ਦਾਤਿ ਗੁਰੂ ਦੁਆਰਿਓਂ ਦਿਵਾਉਂਦਾ ਹੈ । ਬਸ, ਇਸ ਅਕਥ ਸ਼ਬਦ ਦੇ ਪ੍ਰਤਾਪ ਨਾਲ ਹੀ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ । ਉਸੇ ਗੁਰਮੁਖ ਜਨ ਨੂੰ ਹੀ ਇਸ ਸ਼ਬਦ ਦਾ ਸੱਚਾ ਰਸ ਆਉਂਦਾ ਹੈ ਜਿਸ ਨੂੰ ਗੁਰੂ ਕਰਤਾਰ ਇਹ ਦਾਤਿ ਦਿਵਾਇ ਦਿੰਦਾ ਹੈ। ਇਸ ਸੱਚੇ ਗੁਣ ਦਾ ਦਾਤਾ ਆਪਿ ਗੁਰੂ ਕਰਤਾਰ ਹੀ ਹੈ। ਇਸ ਸ਼ਬਦ ਰੂਪੀ ਅਕੱਥ ਕਥਾ ਦਾ ਬੂਝਣਾ ਗੁਰੂ ਕਰਤਾਰ ਆਪਿ ਹੀ ਬੁਝਾ ਦਿੰਦਾ ਹੈ, ਅਤੇ ਜਿਸ ਨੂੰ ਬੁਝਾਇ ਦਿੰਦਾ ਹੈ, ਮਨ ਅੰਦਰਿ ਹੀ ਬੁਝਾਇ ਦਿੰਦਾ ਹੈ । ਮਨ ਅੰਦਰੋਂ ਹਉਮੈ ਮਾਰ ਕੇ, ਗੁਰ ਸ਼ਬਦ ਦੀ ਕਮਾਈ ਕਰ ਕੇ, ਐਸੀ ਬੁਝਾਰਤ ਬੁਝਣੇ ਵਾਲੇ ਹੀ ਤੱਤ ਗੁਰਮਤਿ ਗਿਆਨੀ ਹਨ, ਦੂਜੇ ਨਹੀਂ । ਯਥਾ-
ਹਉਮੈ ਕਰੀ ਤਾ ਤੂ ਨਾਹੀ ਤੂ ਹੋਵਹਿ ਹਉ ਨਾਹਿ ॥
ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ ॥
ਬਿਨੁ ਗੁਰ ਤਤੁ ਨ ਪਾਈਐ ਅਲਖੁ ਵਸੈ ਸਭ ਮਾਹਿ ॥
ਸਤਿਗੁਰੁ ਮਿਲੈ ਤ ਜਾਣੀਐ ਜਾਂ ਸਬਦੁ ਵਸੈ ਮਨ ਮਾਹਿ ॥
ਆਪੁ ਗਇਆ ਭ੍ਰਮੁ ਭਉ ਗਇਆ ਜਨਮ ਮਰਨ ਦੁਖੁ ਜਾਹਿ ॥