ਗੁਰਮਤਿ ਅਲਖੁ ਲਖਾਈਐ ਉਤਮ ਮਤਿ ਤਰਾਹਿ ॥
ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ ॥੧॥੧੯॥
ਸਲੋਕ ਮ: ੩, ਵਾਰ ਮਾਰੂ, ਪੰਨਾ ੧੦੯੨ ਭਾਵ, ਜਿਥੇ ਹਉਮੈ ਹੈ ਉਥੇ ਵਾਹਿਗੁਰੂ ਨਹੀਂ ਵਸਦਾ। ਜਿਥੇ ਵਾਹਿਗੁਰੂ ਵਸਦਾ ਹੈ, ਤਿਥੇ ਹਉਮੈ ਨਹੀਂ ਰਹਿੰਦੀ। "ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥* ਬਸ ਐਸਾ ਬੂਝਣਾ ਬੂਝਣਹਾਰਾ ਹੀ ਤੱਤ ਗੁਰਮਤਿ ਗਿਆਨੀ ਹੈ, ਜੋ ਵਾਹਿਗੁਰੂ ਨਾਮ ਦੀ ਅਕੱਥ ਕਥਾ ਨੂੰ ਹਰ ਦਮ ਮਨ ਵਿਖੇ ਵਸਾਈ ਹੀ ਰਖੇ। ਅਲੱਖ (ਨਾ ਲਖਿਆ ਜਾਣ ਵਾਲਾ) ਵਾਹਿਗੁਰੂ ਤਾਂ ਸਾਰਿਆਂ ਵਿਚ ਹੀ ਵਸਦਾ ਹੈ, ਪ੍ਰੰਤੂ ਵਾਹਿਗੁਰੂ ਅਲੱਖ ਨੂੰ ਪਰਤੱਖ ਪੇਖਣ ਵਾਲਾ ਗੁਰਮਤਿ ਗੁਣ ਉਸ ਗੁਰਮੁਖ ਜਨ ਦੇ ਹਿਰਦੇ ਵਿਚ ਹੀ ਵਸਦਾ ਹੈ, ਜਿਸ ਨੇ ਗੁਰੂ ਦੁਆਰਾ ਦੇਖਿਆ ਗ੍ਰਹਿਣ ਕਰ ਕੇ ਨਿਗੁਰੀ ਦਸ਼ਾ ਤੋਂ ਖਲਾਸੀ ਪਾਈ ਹੋਵੇ । ਸਤਿਗੁਰੂ ਮਿਲਿਆਂ ਹੀ ਇਹ ਗੁਰਮਤਿ ਗੁਣ ਜਾਣਿਆ ਜਾਂਦਾ ਹੈ, ਕਿਉਂਕਿ ਸਤਿਗੁਰੂ ਦੇ ਮਿਲਿਆਂ ਹੀ ਗੁਰ-ਦੀਖਿਆ ਗੁਰੂ ਦੁਆਰਿਓਂ ਮਿਲਦੀ ਹੈ ਅਤੇ ਗੁਰ ਸ਼ਬਦ (ਗੁਰਮੰਤ੍ਰ) ਹਿਰਦੇ ਅੰਦਰਿ ਵਸਿ ਜਾਂਦਾ ਹੈ ਅਤੇ ਆਪਾ ਭਾਵ (ਹਉਮੈ ਰੋਗ) ਮਿਟ ਜਾਂਦਾ ਹੈ । ਹਉਮੈ ਮਿਟਿਆਂ, ਆਪੁ ਗਵਾਇਆਂ ਭ੍ਰਮ ਭਉ ਦੂਰ ਹੋ ਜਾਂਦਾ ਹੈ ਅਤੇ ਜਨਮ ਮਰਨ ਦਾ ਦੁਖ ਕਟਿਆ ਜਾਂਦਾ ਹੈ । ਕੇਵਲ ਗੁਰਮਤਿ ਨੂੰ ਗ੍ਰਹਿਣ ਕੀਤਿਆਂ ਹੀ ਅਲੱਖ ਵਾਹਿਗੁਰੂ ਨੂੰ ਲੱਖਿਆ ਜਾਂਦਾ ਹੈ, ਉਤਮ ਮਤਿ ਮਿਲਦੀ ਹੈ, ਜਿਸ ਕਰਕੇ ਭਵਜਲ ਤਰਿਆ ਜਾਂਦਾ ਹੈ । ਜੇ ਕਰ ਵਹਿਗੁਰੂ ਦਾ ਜਾਪ ਜਪਿਆ ਜਾਵੇ, ਜਿਸ ਦੇ ਵਿਰਾਟ ਸਰੂਪ ਵਿਖੇ ਸਾਰਾ ਹੀ ਤ੍ਰੈ ਭਵਣ ਸਮਾਇ ਰਹਿਆ ਹੈ, ਤਾਂ ਆਪਣੇ ਆਪ ਨੂੰ ਰੱਬ ਸਮਝਣ ਵਾਲੀ ਮਤਿ ਦੂਰ ਹੋ ਜਾਂਦੀ ਹੈ ।
ਗੁਰ ਕੀ ਬਾਣੀ ਹੀ ਅਕੱਥ ਕਥਾ ਕਹਾਣੀ ਹੈ, ਕਿਉਂਕਿ ਇਹ ਬਾਣੀ ਗੁਰੂ ਕਰਤਾਰ ਨੇ ਆਪ ਹੀ ਉਚਾਰੀ ਹੈ ਅਤੇ ਆਪ ਹੀ ਉਤਾਰੀ ਹੈ। ਜਿਨ੍ਹਾਂ ਜਿਨ੍ਹਾਂ ਨੇ ਇਹ ਬਾਣੀ ਜਪੀ ਹੈ ਤਿਨਾਂ ਤਿਨ੍ਹਾਂ ਦਾ ਨਿਸਤਾਰਾ ਪਾਰ-ਉਤਾਰਾ ਹੋ ਗਿਆ ਹੈ ਅਤੇ ਹੁੰਦਾ ਰਹੇਗਾ। ਜੋ ਜੋ ਜਪਣਗੇ ਇਸ ਗੁਰ ਬਾਣੀ ਅਕੱਥ ਕਹਾਣੀ ਨੂੰ, ਤਿਨ੍ਹਾਂ ਨੂੰ ਸੱਚੀ ਦਰਗਾਹੇ ਨਿਹਚਲ ਥਾਨ ਮਿਲੇਗਾ । ਯਥਾ ਗੁਰਵਾਕ:-
ਗੁਰ ਕੀ ਬਾਣੀ ਸਭ ਮਾਹਿ ਸਮਾਣੀ ॥ ਆਪਿ ਸੁਣੀ ਤੈ ਆਪਿ ਵਖਾਣੀ ॥
ਜਿਨਿ ਜਿਨਿ ਜਪੀ ਤੇਈ ਸਭਿ ਨਿਸਤੇ ਤਿਨ ਪਾਇਆ ਨਿਹਚਲ ਥਾਨਾਂ ਹੇ ॥੮॥੪॥
ਮਾਰੂ ਸੋਲਹੇ ਮਹਲਾ ੫, ਪੰਨਾ ੧੦੭੫