ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥
ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ॥
ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥
ਸਿਰੀ ਰਾਗ ਕੀ ਵਾਰ ਮ: ੪, ਪੰਨਾ ੮੭
ਕੈਸਾ ਨਿਖਰਵਾਂ ਨਿਰਣਾ ਹੈ ਹਰਿ ਕਥਾ ਦਾ । ਭਾਵ, ਗੁਰਮਤਿ ਦ੍ਰਿੜਾਈ ਸ੍ਰੇਸ਼ਟ ਊਤਮ ਕਥਾ ਗੁਰਬਾਣੀ (ਗੁਰ-ਬਚਨਾਂਤ) ਅੰਮ੍ਰਿਤ ਕਥਾ ਹੀ ਹੈ, ਜੋ ਕੇਵਲ ਗੁਰ ਬਚਨ ਵਖਾਣਿਆਂ, ਗੁਰਬਾਣੀ ਗਾਂਵਿਆਂ ਹੀ ਸਹਜੇ ਚੱਖੀ ਜਾਂਦੀ ਹੈ । ਹਾਂ ਜੀ, ਇਹ ਕਥਾ ਅਸੀਂ ਚਖਣੀ ਹੈ। ਜਿਸ ਜਿਸ ਜਨ ਨੇ ਚੱਖੀ ਹੈ, ਉਹ ਬਿਸਮਾਦ ਹੋਇ ਗਿਆ ਹੈ, ਗੂੰਗੇ ਦੇ ਗੁੜ ਖਾਣ ਵਾਂਗੂ । ਬੋਲਣ ਜੋਗਾ ਨਹੀਂ ਰਹਿਆ, ਬਰੜ ਬਾਣੀ ਕੁਬਾਣੀ ਬੋਲਣ ਜੋਗਾ ਨਹੀਂ ਰਹਿਆ। ਇਸ ਗੁਰਬਾਣੀ ਰੂਪੀ ਅੰਮ੍ਰਿਤ ਕਥਾ ਦੇ ਕਥਿਆਂ ਅੰਮ੍ਰਿਤ ਹੀ ਚੋਈਦਾ ਹੈ, ਅੰਮ੍ਰਿਤ ਹੀ ਚਖੀਦਾ ਹੈ, ਅੰਮ੍ਰਿਤ ਹੀ ਭੱਖੀਦਾ ਹੈ। ਜਿਸਦੇ ਚਖਿਆ ਭਖਿਆਂ ਸਹਜ ਰਵਤ ਰਵੀਦੀ ਹੈ । ਰਵ ਰਵ ਕੇ ਰਵਣਹਾਰੇ ਦੇ ਹਿਰਦੇ ਅੰਦਰਿ ਜੋਤੀਸ਼ ਵਾਹਿਗੁਰੂ ਦੀ ਜੋਤਿ ਦਾ ਪ੍ਰਗਾਸ ਹੋ ਜਾਂਦਾ ਹੈ । ਇਹ ਇਸ ਕਥਾ ਦਾ ਅੰਮ੍ਰਿਤ ਰਸਾਇਣੀ ਪਾਰਸ ਕਲਾ ਵਾਲਾ ਅਕਹਿ ਜਜ਼ਬਾ ਹੈ । ਤਿਮਰ ਅਗਿਆਨ-ਮਈ ਅੰਧਿਆਰਾ ਇਸ ਅੰਮ੍ਰਿਤ ਦੇ ਕਥਿਆਂ ਦੂਰ ਕਾਫ਼ੂਰ ਹੋ ਜਾਂਦਾ ਹੈ । ਜਿਵੇਂ ਸੂਰਜ ਦੇ ਉਗਵਣ ਸਾਰ ਹੀ ਅੰਧਿਆਰੀ ਰਾਤ੍ਰੀ ਦਾ ਅੰਧਿਆਰਾ ਮਿਟ ਖਿਟ ਜਾਂਦਾ ਹੈ, ਤਿਵੇਂ ਜੋਤਿ ਪ੍ਰਕਾਸ਼ ਹੋਇਆ ਸਾਰੇ ਤਿਮਰ ਅਗਿਆਨੀ ਅੰਧੇਰੇ ਨਿਖੁਟ ਜਾਂਦੇ ਹਨ, ਜਿਸਦਾ ਅੰਤੀ ਸਾਰ- ਸਿੱਟਾ ਇਹ ਹੁੰਦਾ ਹੈ ਕਿ ਪੰਜ-ਭੂਤਕ ਇੰਦਿਆਂ ਕਰਿ ਦਿਸਣਹਾਰ ਨਜ਼ਾਰੇ ਤੋਂ ਅਪਰੰਪਰ ਅਤੇ ਅਗੋਚਰ ਅਦ੍ਰਿਸ਼ਟ ਅਤੇ ਅਲੱਖ ਵਾਹਿਗੁਰੂ (ਜੋ ਹੋਰ ਕਿਵੇਂ ਭੀ ਲਖਿਆ ਨਹੀਂ ਜਾਂਦਾ) ਪਰਤੱਖ ਹੋ ਜਾਂਦਾ ਹੈ । ਗੁਰਮੁਖਿ ਜਨ ਅਕੱਥ ਵਾਹਿਗੁਰੂ ਨੂੰ ਪਰਤੱਖ ਪੇਖ ਲਖੇਕ ਲੈਂਦੇ ਹਨ। ਇਹ ਹੈ ਨਿਰਬਾਣੀ ਪ੍ਰਤਾਪ ਨਿਰਬਾਣ ਕਥਾ, ਹਰਿ ਕਥਾ ਦੇ ਕਥੀ ਜਾਣ ਦਾ, ਅਕੱਥੀ ਕਰਾਣ ਦਾ ।
ਅਗਲੇਰੇ ਗੁਰਵਾਕ ਵਿਖੇ ਇਸ ਹਰਿ ਕਥਾ ਨੂੰ ਹੋਰ ਭੀ ਵਧੇਰੇ ਗੁਰਮਤਿ ਪ੍ਰਕਾਸ਼ੀ ਰਵਸ਼ ਅੰਦਰ ਨਿਰਣਤ ਕਰਵਾਇਆ ਜਾਂਦਾ ਹੈ-