ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥ ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥
ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ ॥੧॥੩॥
ਮਾਝ ਮਹਲਾ ੪, ਪੰਨਾ ੯੫
ਇਸ ਗੁਰਵਾਕ ਅੰਦਰਿ ਹਰਿ ਗੁਣ ਪੜ੍ਹਨ, ਗੁਰਬਾਣੀ ਦੇ ਨਿਰਬਾਣ ਪਾਠ ਕਰਨ (ਕਰੀ (ਗਾਈ ਹੀ ਜਾਵਣ) ਨੂੰ ਹੀ ਹਰਿ ਨਾਮ ਦੀ ਜਾਣ ਨੂੰ) ਹਰਿ ਗੁਣ ਗੁਣਨ, ਭਾਵ, ਅਤੇ ਗੁਰਬਾਣੀ ਗਾਵਣ ਨਾਮ ਦੀ) ਕਥਾ ਕਰਕੇ (ਵਾਹਿਗੁਰੂ ਸਪੱਸ਼ਟਾਇਆ ਗਇਆ ਹੈ । ਹਰਿ ਗੁਣ ਗੁਣੀ ਗਾਵੀ ਜਾਣਾ ਹਰਿ ਨਾਮ ਦੀ ਗੁਰਮਤਿ ਰੰਗਾਂ ਵਾਲੀ ਕਥਾ ਹੈ । ਇਸ ਪ੍ਰੇਮ ਕਥਾ ਨੂੰ ਸਤਸੰਗਤਿ ਵਿਚਿ ਬੈਠ ਕੇ, ਹਰਿ ਨਾਮੇ ਦੇ ਜੋੜੀ ਹੋ ਕੇ ਗੁਣਾਵਾਦ ਵਿਚਿ ਗਾਈ ਹੀ ਜਾਣਾ ਹੈ।
ਕਈ ਇਕ ਹੁੱਜਤੀ ਕਥਾ ਮਰਯਾਦਗੀ ਕਥੋਗੜ ਪੁਰਸ਼ ਇਉਂ ਹੁੱਜਤ ਭੇੜ ਦੇ ਸੁਣੇ ਹਨ ਕਿ "ਹਰਿ ਗੁਣ ਪੜੀਐ ਹਰਿ ਗੁਣ ਗੁਣੀਐ" ਦੋਹਾਂ ਪੰਗਤੀਆਂ ਦੇ ਭਾਵਾਂ ਅੰਦਰਿ ਤਾਂ ਗੁਰਬਾਣੀ ਦਾ ਪਾਠ ਆ ਗਿਆ (ਭਾਵੇਂ ਸਾਧਾਰਨ ਕਰ ਲਵੋ ਭਾਵੇਂ ਅਖੰਡ) ਅਤੇ ਹਰਿ ਕੀਰਤਨ ਹਰਿ ਗੁਣ ਗਾਵਣਾ ਮਤਲਬਾਇਆ ਗਿਆ, ਪਰ "ਹਰਿ ਹਰਿ ਨਾਮ ਕਥਾ ਨਿਤ ਸੁਣੀਐ' ਤੀਜੀ ਪੰਗਤੀ ਦਾ ਭਾਵ ਤਾਂ ਕਥਾ ਹੈ, ਨਿਤ ਸੁਣਨ ਦਾ ਸਾਫ਼ ਹੈ, ਜੈਸੇ ਕਿ ਪਰੰਪਰਾ ਤੋਂ ਨਿਤਾਪ੍ਰਤਿ ਕੀਰਤਨ ਪਿਛੋਂ ਕਥਾ ਹੁੰਦੀ ਚਲੀ ਆਈ ਹੈ, ਗੁਰਮਤਿ ਸਮਾਗਮਾਂ ਵਿਚ ਅਤੇ ਗੁਰਦਵਾਰਿਆਂ ਵਿਖੇ ਭੀ । ਅਸੀਂ ਪਹਿਲਾਂ ਭੀ ਜ਼ਿਕਰ ਕਰ ਆਏ ਹਾਂ ਕਿ ਇਹ ਐਵੇਂ ਢੁੱਚਰੀ ਹੈ, ਰੀਸੋ ਰੀਸੀ ਹੀ ਇਹ ਮਰਯਾਦਾ ਤੁਰ ਪਈ ਹੈ । ਨਾਮ ਦੀ ਕਥਾ ਕੋਈ ਕਥੱਗੜ ਕੀ ਕਰੇਗਾ ? 'ਹਰਿ ਹਰਿ' ਪਦ ਦੋ ਵਾਰ 'ਨਾਮ' ਤੋਂ ਪਹਿਲਾਂ ਆਉਂਦੇ ਹਨ। ਸੋ ਪਰਗਟ ਕਰਦੇ ਹਨ ਕਿ ਨਾਮ ਦਾ ਬਾਰੰਬਾਰ ਉਚਾਰਨਾ ਹੀ ਤੱਤ ਕਥਾ ਹੈ, ਜੋ ਨਿਤਾਪ੍ਰਤਿ ਹੀ ਨਹੀਂ, ਬਲਕਿ ਸੁਆਸਿ ਸੁਆਸਿ ਕਰਦੇ ਹੀ ਰਹਿਣ ਦਾ ਹੁਕਮ ਹੈ। ਮਰਯਾਦਗੀ ਕਥਾ ਕਰਨਹਾਰੇ ਨਾਮ ਦੀ ਕਥਾ ਥੋੜੇ ਕਰਦੇ ਹਨ । ਓਹ ਤਾਂ ਕਿਸੇ ਸ਼ਬਦ ਦੀ ਕਥਾ ਕਰਦੇ ਹਨ,ਮਨ-ਭਾਉਂਦੀ ਮੀਜਾ ਅਨੁਸਾਰ ।
ਕੁਝ ਸਾਲਾਂ ਤੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਅੰਮ੍ਰਿਤ ਵੇਲੇ ਜੋ ਹੁਕਮ ਆਉਂਦਾ ਹੈ, ਉਸ ਦੀ ਕਥਾ, ਉਸੇ ਸ਼ਬਦ ਦੀ ਕਥਾ 'ਮੰਜੀ ਸਾਹਿਬ' ਦੇ ਇਕੱਠ ਵਿਚਿ ਹੋਣ ਦੀ ਮਰਯਾਦਾ ਭੀ ਪ੍ਰਚਲਤ ਹੋ ਗਈ ਹੈ, ਜੋ ਪਹਿਲਾਂ ਨਹੀਂ ਸੀ । ਪਹਿਲਾਂ ਤਾ ਸਿਰਫ਼ ਸੂਰਜ ਪ੍ਰਕਾਸ਼ ਦੀ ਕਥਾ ਹੀ ਹੋਇਆ ਕਰਦੀ ਸੀ ਜਾਂ ਕਿਸੇ ਹੋਰ ਇਤਿਹਾਸ ਦੀ। ਇਹ ਸ਼ਬਦ-ਕਥਾ ਕੀ ਹੁੰਦੀ ਹੈ ? ਐਵੇਂ ਮਨ-ਉਕਤੀ ਯਕੜ ਏਥੇ ਮਾਰੇ ਜਾਂਦੇ ਹਨ । ਕਈ ਵਾਰ ਤਾਂ ਇਹ ਕਥਾ ਲੈਕਚਰ ਦੇ ਰੂਪ ਵਿਚ ਹੁੰਦੀ ਹੈ । ਪਰਸਿਧ ਚੀਫ਼ ਖਾਲਸਾ ਦੀਵਾਨ ਦੇ ਪਰਸਿਧ ਸੰਤ ਗਿਆਨੀ ਖਲੋ ਕੇ ਹੀ ਸ਼ਬਦ ਦੀ ਕਥਾ ਐਨ ਲੈਕਚਰ ਦੇ ਰੂਪ ਵਿਚਿ ਕਰਿਆ ਕਰਦੇ ਅਸੀਂ ਆਪ ਸੁਣੇ ਹਨ।