ਵਾਹਿਗੁਰੂ ਦਾ ਅੰਸ ਅਸਲਾ ਨਿਰਗੁਣ ਰੂਪ ਹੈ। ਇਸ ਨਿਰਗੁਣ ਵਾਹਿਗੁਰੂ ਦੀ ਕਥਾ ਭੀ ਨਿਰਗੁਣ ਸਰੂਪੀ ਹੈ । ਇਸ ਨਿਰਗੁਣ ਕਥਾ ਦੀ ਸਾਰ ਤ੍ਰੈਗੁਣੀ ਜੀਵ ਕੀ ਜਾਨਣ ? ਅੱਜ ਕਲ ਦੇ ਚੁੰਚ ਗਿਆਨੀ ਭੀ ਤ੍ਰੈਗੁਣੀ ਜੰਤ ਹੀ ਹਨ। ਤਿੰਨਾਂ ਗੁਣਾਂ ਵਿਚ ਹੀ ਖੇਡਦੇ ਹਨ । ਉਪਰਿ ਤੁਰੀਆ ਗੁਣ ਦੇ ਮੰਡਲ ਵਿਚਿ ਕੋਈ ਭੀ ਨਹੀਂ ਖੇਡਦਾ। ਹੇਠਲੇ ਤਿਹਾਂ ਗੁਣਾਂ ਵਿਚ ਹੀ ਟਕਰਾਂ ਮਾਰਦੇ ਹਨ। ਤਿਨ੍ਹਾਂ ਦੇ ਮਨ ਨਹੀਂ ਮਰੇ । ਜਿਨ੍ਹਾਂ ਨੇ ਆਪਣਾ ਮਨ ਨਹੀਂ ਮਾਰਿਆ, ਓਹਨਾਂ ਨੂੰ ਅਗਾਧ ਬੋਧ ਅਰਸ਼ੀ ਬਾਣੀ, ਤੁਰੀਆ ਗੁਣੀ ਬਾਣੀ, ਨਿਰਗੁਣ ਬਾਣੀ ਦੇ ਅਰਥਾਂ ਦੀ ਕੀ ਸਾਰ ? ਬੋਧ ਹੀ ਨਹੀਂ, ਬਾਣੀ ਅਗਾਧ ਬੋਧ ਜੁ ਹੋਈ। ਆਪਣਾ ਮਨ ਮਾਰ ਕੇ ਗੁਰ-ਸ਼ਬਦ ਦੁਆਰਾ ਕੁਸ਼ਤਾਰ ਕੇ ਜਿਨ੍ਹਾਂ ਦੀ ਸਮਾਈ ਨਿਰਗੁਣ ਅਵਸਥਾ ਵਿਚਿ ਹੋਈ ਹੈ, ਜਿਨ੍ਹਾਂ ਦੀ ਆਤਮ ਦਸ਼ਾ ਤੁਰੀਆ ਗੁਣੀ ਪੱਦ ਵਿਚਿ ਜਾ ਖੇਡੀ ਹੈ, ਤਿਨ੍ਹਾਂ ਨੂੰ ਹੀ ਇਸ ਨਿਰਗੁਣ ਬਾਣੀ ਤੇ ਗੁਰਬਾਣੀ ਦੀ ਨਿਰਗੁਣ ਕਥਾ ਦੀ ਸਾਰ ਹੋ ਸਕਦੀ ਹੈ, ਜੈਸਾ ਕਿ ਅਗੋਂ ਦੇ ਗੁਰਵਾਕ ਦਾ ਭਾਵ ਹੈ । ਯਥਾ ਗੁਰਵਾਕ :-
ਨਿਰਗੁਣ ਕਥਾ ਕਥਾ ਹੈ ਹਰਿ ਕੀ॥
ਭਜੁ ਮਿਲਿ ਸਾਧੂ ਸੰਗਤਿ ਜਨ ਕੀ॥
ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ ॥੧॥
ਗੋਬਿੰਦ ਸਤ ਸੰਗਤਿ ਮੇਲਾਇ ॥
ਹਰਿ ਰਸੁ ਰਸਨਾ ਰਾਮ ਗੁਨ ਗਾਇ ॥੧॥ਰਹਾਉ॥
ਜੋ ਜਨ ਧਿਆਵਹਿ ਹਰਿ ਹਰਿ ਨਾਮਾ ॥
ਤਿਨ ਦਾਸਨ ਦਾਸ ਕਰਹੁ ਹਮ ਰਾਮਾ ॥
ਜਨ ਕੀ ਸੇਵਾ ਊਤਮ ਕਾਮਾ ॥੨॥
ਜੋ ਹਰਿ ਕੀ ਹਰਿ ਕਥਾ ਸੁਣਾਵੈ ॥
ਸੋ ਜਨੁ ਹਮਰੈ ਮਨਿ ਚਿਤਿ ਭਾਵੈ ॥
ਜਨ ਪਗ ਰੇਣੁ ਵਡਭਾਗੀ ਪਾਵੈ ॥੩॥
ਸੰਤ ਜਨਾ ਸਿਉ ਪ੍ਰੀਤਿ ਬਨਿ ਆਈ॥
ਜਿਨ ਕਉ ਲਿਖਤੁ ਲਿਖਿਆ ਧੁਰਿ ਪਾਈ॥
ਤੇ ਜਨ ਨਾਨਕ ਨਾਮਿ ਸਮਾਈ ॥੪॥੨॥
ਗਉੜੀ ਗੁਆਰੇਰੀ ਮਹਲਾ ੪, ਪੰਨਾ ੧੬੪