ਗੁਰਬਾਣੀ ਹੀ ਨਾਮ ਅਤੇ ਨਾਮੀ ਦੀ ਸਿਫਤਿ ਸਾਲਾਹ ਹੈ। ਹਰ ਸਿਫਤਿ ਸਾਲਾਹ ਨਾਮ ਦੀ, ਛੁਟ ਗੁਰਬਾਣੀ ਤੋਂ ਜਾਂ ਨਾਮ ਅਭਿਆਸ ਕਰੀ ਜਾਣ ਤੋਂ, ਹੋਰ ਕਿਹੜੀ ਹੋ ਸਕਦੀ ਹੈ ? ਹੋ ਹੀ ਨਹੀਂ ਸਕਦੀ, ਏਸੇ ਕਰਕੇ "ਹਰਿ ਕਥਾ ਮੰਗਹਿ ਹਰਿ ਚੰਗੀ ਜੀਉ' ਗੁਰਵਾਕ ਪੰਗਤੀ ਵਿਚਿ 'ਹਰਿ' ਪਦ ਦੋ ਵਾਰ ਆਇਆ ਹੈ ਪਹਿਲਾਂ ਤਾਂ 'ਹਰਿ ਕਥਾ' ਦੁਪਦੇ ਵਿਚਿ 'ਹਰਿ' ਪਦ ਹੈ 'ਕਥਾ' ਦੇ ਨਾਲ । ਦੂਜੀ ਵਾਰ ਇਸੇ ਇਕ ਪੰਗਤੀ ਵਿਚਿ 'ਚੰਗੀ ਪਦ ਤੋਂ ਪਹਿਲਾਂ 'ਹਰ' ਪਦ ਫੇਰ ਆਇਆ ਹੈ 'ਹਰਿ ਚੰਗੀ ਕਰਕੇ ਇਕੱਠਾ ਹੀ। ਭਾਵ ਇਹ ਹੈ ਕਿ ਵਾਹਿਗੁਰੂ ਹੀ, ਵਾਹਿਗੁਰੂ ਰੂਪੀ ਕਥਾ, ਵਾਹਿਗੁਰੂ ਵਾਹਿਗੁਰੂ ਨਾਮ ਅਭਿਆਸੀ ਕਥਾ, ਹਰਿ ਹਰਿ ਰੂਪੀ ਚੰਗੀ ਕਥਾ ਹੈ। ਵਾਹਿਗੁਰੂ ਵਾਹਿਗੁਰੂ ਨਾਮ ਹੀ ਬਾਰੰਬਾਰ ਉਚਾਰੀ ਜਾਣ ਵਾਲੀ ਕਥਾ ਹੀ ਚੰਗੀ ਹੈਂ ਗੁਰਮਤਿ ਅਨੁਸਾਰ ।
ਸੁਣਿ ਹਰਿ ਕਥਾ ਉਤਾਰੀ ਮੈਲੁ ॥
ਮਹਾ ਪੁਨੀਤ ਭਏ ਸੁਖ ਸੈਲੁ ॥੧॥...
ਹਰਿ ਹਰਿ ਨਾਮੁ ਜਪਤ ਜਨੁ ਤਾਰਿਓ ॥
ਅਗਨਿ ਸਾਗਰੁ ਗੁਰਿ ਪਾਰਿ ਉਤਾਰਿਓ ॥੧॥ ਰਹਾਉ ॥
ਗਉੜੀ ਗੁਆਰੇਰੀ ਮ: ੫, ਪੰਨਾ ੧੭੮
ਏਸ ਗੁਰ-ਵਾਕ ਦੇ ਭਾਵ ਅੰਦਰਿ "ਹਰਿ ਹਰਿ ਨਾਮੁ ਜਪਤ ਜਨੁ ਤਾਰਿਓ' ਦਾ ਅੰਤ੍ਰੀਵੀ ਬੋਧ ਹੀ "ਸੁਣਿ ਹਰਿ ਕਥਾ ਉਤਾਰੀ ਮੈਲ' ਦੇ ਭਾਵ ਵਿਚਿ ਹੈ । ਹਰਿ ਨਾਮ ਜਪਣਾ ਹੀ ਹਰਿ ਕਥਾ ਕਰਨਾ ਹੈ। ਹੋਰ ਕਿਸੇ ਮਸਨੂਈ ਮਨ-ਮੰਨੀ ਕਥਾ ਹਰਿ ਦਾ ਤਾਤਪਰਜ ਏਥੇ ਕੋਈ ਨਹੀਂ ।
ਏਸੇ ਉਪਰਲੇ ਭਾਵ ਦੀ ਪ੍ਰੋੜਤਾ ਅਗਲੇਰੇ ਗੁਰ-ਵਾਕ ਦੇ ਭਾਵ ਦੁਆਰਾ ਪਰਮ ਸਪੱਸ਼ਟ ਹੁੰਦੀ ਹੈ :-
ਬਾਹ ਪਕਰਿ ਲੀਨੋ ਕਰਿ ਅਪਨਾ ॥
ਹਰਿ ਹਰਿ ਕਥਾ ਸਦਾ ਜਪੁ ਜਪਨਾ ॥੨॥੯੬॥
ਗਉੜੀ ਗੁਆਰੇਰੀ ਮ. ੫, ਪੰਨਾ ੧੮੪
ਸਦਾ ਜਪੁ ਜਪੀ ਜਾਣਾ ਹੀ ਸੱਚੀ ਹਰਿ ਕਥਾ ਹੈ । ਏਦੂੰ ਸਪਸ਼ਟ ਹਰ ਕੀ ਹੋ ਸਕਦਾ ਹੈ ?