ਸੰਤ ਜਨਾ ਕੀ ਕਥਾ ਨ ਭਾਵੈ ਓਇ ਡੂਬੇ ਸਣੁ ਪਰਵਾਰੀ ॥੫॥੧॥
ਗੂਜਰੀ ਮਹਲਾ ੪, ਪੰਨਾ ੫੦੭
ਸੱਚਾ ਨਾਮੁ ਧਿਆਵਣਹਾਰਿਆਂ ਨੂੰ ਗੁਰਬਾਣੀ ਅੰਦਰਿ ਨਿਰਾ ਸਚੋ ਹੀ ਸੱਚ ਵਰਨਿਆ ਦਿਸਦਾ ਹੈ। ਤਿਨ੍ਹਾਂ ਨੂੰ ਹੀ ਇਸ ਸੱਚੀ ਬਾਣੀ ਦੀ ਕਦਰ ਹੈ। ਨਹੀਂ ਤਾਂ ਨਾਮ ਤੋਂ ਘੁੱਥਿਆਂ ਮਨਮੁਖਾਂ, ਦੁਰਮਤਿ ਬੁੱਧੀ ਵਾਲਿਆਂ ਦੇ ਭਾ ਦਾ ਗੁਰਬਾਣੀ ਅੰਦਰਿ ਕੋਈ ਗੂੜਾ ਰੂੜਾ ਭਾਵ ਹੀ ਨਹੀਂ ਦਿਸਦਾ। ਓਹ ਇਹ ਨਹੀਂ ਜਾਣਦੇ ਕਿ ਇਹ ਹੁਕਮ ਰਜਾਈ ਧੁਰ ਦੀ ਈਸ਼ਰੀ ਅਕਾਲੀ ਬਾਣੀ ਹੈ। ਇਸ ਵਿਚਿ ਜੋ ਕੁਛ ਲਿਖਿਆ ਹੈ, ਸੋ ਅਕਾਲ ਪੁਰਖ ਦਾ ਏਜ਼ਦੀ ਹੁਕਮੁ ਹੈ । ਹੁਕਮ ਨੂੰ ਹੁਕਮ ਕਰਕੇ ਬੁਝਣ, ਤਾਂ ਓਹਨਾਂ ਨੂੰ ਸੱਚਾ ਫਲ ਮਿਲੇ, ਪ੍ਰਾਪਤਿ ਹੋਵੇ । ਤਾਂ ਹੀ ਓਹ ਧੁਰ ਦਰਗਾਹੇ ਪਰਵਾਣ ਪੈਣ । ਜੇਹੜੇ ਇਸ ਸੱਚੇ ਹੁਕਮ ਨੂੰ ਹੁਕਮ ਕਰਕੇ ਨਹੀਂ ਪਛਾਣਦੇ, ਓਹ ਦਰਿ ਦਰਿ ਧੱਕੇ ਖਾਂਦੇ ਹਨ। ਓਹ ਅੰਧਲੇ ਆਪਣੀ ਦੁਰਮਤਿ ਬੁਧੀ ਦੇ ਅਧੀਨ ਹੁੰਦੇ ਹੋਏ ਕੱਚੀ ਬਾਣੀ ਦੀ ਬਣਤਰ ਵਿਚਿ ਹੀ ਉਲਝੇ ਫਿਰਦੇ ਹਨ। ਇਹ ਉਪਰਲਾ ਭਾਵ ਅਗਲਾ ਗੁਰ ਵਾਕ ਭਲੀ ਭਾਂਤ ਜਣਾਉਂਦਾ ਹੈ:-
ਸਚੁ ਨਾਮੁ ਧਿਆਈਐ ਸਭੋ ਵਰਤੈ ਸਚੁ ॥
ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥
ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ
ਅੰਧਾ ਕਚੁ ਨਿਕਚੁ ॥੫॥੨॥
ਮ: ੩, ਗੂਜਰੀ ਕੀ ਵਾਰ, ਪੰਨਾ ੫੦੯
ਇਹ ਗੁਰਬਾਣੀ ਹੀ ਹੈ ਜੋ ਹਰਿ ਪ੍ਰਭ ਕੀ ਹਰਿ ਕਥਾ ਦਾ ਮੁਜੱਸਮ ਹੈ। ਗੁਰਬਾਣੀ ਦਾ ਸੁਣਨਾ, ਪਾਠ ਕਰਨਾ, ਪਾਠ ਸੁਣਾਉਣਾ, ਕੀਰਤਨ ਕਰਨਾ, ਗੁਰਬਾਣੀ ਦਾ ਕੀਰਤਨ ਸੁਣਾਉਣਾ ਅਸਲ ਅਰਥਾਂ ਵਿਚਿ ਕਥਾ ਕਰਨਾ ਕਰਾਵਨਾ ਕਥਾ ਸੁਣਨਾ ਸੁਣਾਵਣਾ ਹੈ । ਯਥਾ ਗੁਰਵਾਕ:-
ਹਉ ਮਨੁ ਦੇਵਉ ਤਿਸੁ ਆਪਣਾ ਮੇਰੀ ਜਿੰਦੁੜੀਏ
ਹਰਿ ਪ੍ਰਭ ਕੀ ਹਰਿ ਕਥਾ ਸੁਣਾਵੈ ਰਾਮ ॥੩॥੧॥
ਬਿਹਾਗੜਾ ਛੰਤ ਮ: ੪, ਪੰਨਾ ੫੩੮
ਐਸੀ ਗੁਰ-ਵਾਕਾਂ ਦੀ ਹਰਿ ਕਥਾ ਸੁਣਾਵਣਹਾਰੇ ਗੁਰਬਾਣੀ ਦੇ ਨਿਰੋਲ ਕੀਰਤਨੀਆਂ ਨੂੰ, ਗੁਰਬਾਣੀ ਦਾ ਅਖੰਡ ਨਿਰਬਾਣ ਪਾਠ ਸੁਣਾਵਣਹਾਰਿਆਂ ਨੂੰ ਗੁਰੂ ਸਾਹਿਬ ਆਪਣਾ ਮਨ ਕੁਰਬਾਨ ਕਰਨ ਲਈ ਤਿਆਰ ਹਨ। 'ਹਰਿ ਪ੍ਰਭਿ ਕੀ ਹਰਿ ਕਥਾ' ਕੇਵਲ ਗੁਰਬਾਣੀ, ਨਿਰੋਲ ਬਾਣੀ ਦੇ ਹੀ ਸੁਣਨ ਵਲ ਇਸ਼ਾਰਾ ਹੈ ਕਿ ਨਹੀਂ ?
ਪ੍ਰੋੜਤਾ ਲਈ ਅਗਲੇਰਾ ਗੁਰਵਾਕ ਖੂਬ ਢੁਕਵਾਂ ਹੈ—