ਦੋ ਗੱਲਾਂ
ਪੰਜਾਬ ਬਾਰ ਵਿੱਚ ਇਸ ਸਿਆਲੇ ਮੈਨੂੰ ਪਿਆਰਿਆਂ ਇਕ ਤੰਬੂ ਲਾ ਕੇ ਰਹਿਣ ਦਾ ਥਾਂ ਦਿੱਤਾ-ਡੇਰਾ ਲਾ ਲਿਆ ਖੁੱਲ੍ਹੇ ਅਕਾਸ਼ਾਂ ਦੇ ਤਲੇ-ਮਿੱਟੀ ਘੱਟੇ ਸਮੁੰਦਰਾਂ ਉੱਪਰ ਇਕ ਜਿਵੇਂ ਨਿੱਕੀ ਜਿਹੀ ਬੇੜੀ ਜਾਂਦੀ ਹੈ-ਨਹਿਰਾਂ ਨੇ ਦਰਿਆ ਨੀਲ ਦੇ ਲਾਗੇ ਲਗਦੀ ਜ਼ਰਖ਼ੇਜ਼ ਵਾਦੀ ਦਾ ਰੰਗ ਜਮਾਇਆ ਹੈ, ਪਰ ਬਾਰ ਦਾ ਰੂਹ ਹਾਲੇ ਵੀ ਬਾਂ-ਬਾਂ ਕਰਦਾ ਇਕ ਬੀਆਬਾਨ ਹੀ ਹੈ-ਜਦ ਮੈਂ ਇਨ੍ਹਾਂ ਆਬਾਦ, ਪਰ ਸੁੰਨੇ ਦੇਸ਼ਾਂ ਵਿਚ ਆਇਆ, ਕਪਾਹ ਆਪਣੇ ਜੋਬਨ ਵਿੱਚ ਸੀ ਤੇ ਕਣਕ ਨਵੀਂ-ਨਵੀਂ ਫੁੱਟ ਰਹੀ ਸੀ ।
ਖ਼ੂਬ ਇਕਾਂਤ ਹੈ ਤੇ ਬੇਚੈਨ, ਅਕਲ ਜਾਲ ਵਿੱਚ ਫੱਸੇ ਬਟੇਰੇ ਵਾਂਗ ਫੜਕ-ਫੜਕ ਆਖ਼ਰ ਚੁੱਪ ਹੋਈ-ਜ਼ਬਾਨ ਨੇ ਬੋਲਣਾ ਛੱਡਿਆ-ਤੇ ਮਹਾਨਤਾ ਵਿੱਚ ਕਿਸੇ ਸੁਰਤ ਨੂੰ, ਇਥੇ ਇਸ ਸਮੁੰਦਰ ਦੀ ਚੁੱਪ ਵਿੱਚ ਅਜਬ ਰੰਗ ਸਾਹਮਣੇ ਖੇਡਣ…… ਰਾਤ ਦਿਨ ਨਵੇਂ, ਜੀਆ ਜੰਤ ਨਵੇਂ ਦਿੱਸਣ ਲੱਗੇ-ਹਿਮਾਲਾ ਦੀ ਚੋਟੀ ਉਪਰੋਂ ਤਾਰੇ ਤੱਕੇ ਸਨ ਕਸ਼ਮੀਰ ਦੀ ਝੀਲ ਕਿਸ਼ਤੀਆਂ ਵਿੱਚ ਬਹਿ ਜ਼ੂਹਰਾ ਤੇ ਮੁਸ਼ਤਰੀ ਦੇ ਦੀਦਾਰੇ ਕੀਤੇ ਸਨ-ਪਰ ਇਸ ਰੂਹ ਦੀ ਚੁੱਪ, ਰੇਗਿਸਤਾਨ ਦੀ ਖੁਲ੍ਹ ਵਿਛੇ ਮੈਦਾਨ ਥੀਂ ਮੁੜ ਤੱਕੇ-ਜਿਵੇਂ ਇਥੇ ਕਾਲੀ ਰਾਤ ਨੂੰ ਤਾਰੇ ਚਮਕਦੇ ਹਨ, ਹੋਰ ਕਿਧਰੇ ਨਹੀਂ ਚਮਕਦੇ -ਇਹ ਇਉਂ ਇਥੇ ਚਮਕਦੇ, ਜਿਵੇਂ ਮੇਰੇ ਜੀਵਨ-ਮਾਰਗ ਦੇ ਸਾਥੀ ਹਨ ਤੇ ਹੁਣੇ ਬੋਲਣ ਲੱਗੇ ਹਨ-ਬੋਲੇ ਤਾਂ ਨਹੀਂ, ਪਰ ਮੇਰੇ ਹੱਥ ਫੜ ਕੇ ਤੇ ਆਪਣੇ ਹੱਥ ਮੇਰੇ ਹੱਥਾਂ ਵਿੱਚ ਦੇ ਕੇ ਤੇ ਨੈਣ-ਨੈਣਾਂ ਵਿੱਚ ਪਰੋਅ ਕੇ ਇਉਂ ਮੈਨੂੰ ਦਿਸੇ, ਜਿਵੇਂ ਨਵੇਂ ਗਿਆਨ ਤੇ ਆਵੇਸ਼ ਦੇ ਦੇਸ਼ਾਂ ਨੂੰ ਮੈਨੂੰ ਲਈ ਜਾਂਦੇ ਹਨ-ਗਗਨ ਇਕ ਕਿਸ਼ਤੀ ਦਿਸਿਆ ; ਉਸ ਵਿੱਚ ਅਸੀਂ ਸਾਰੇ ਬੈਠੇ ਕਿਧਰੇ ਜਾ ਰਹੇ ਹਾਂ-ਨਵੀਆਂ ਖ਼ਬਰਾਂ ਦੇ ਪ੍ਰਭਾਵ ਦਾ ਕੋਈ ਦੇਸ਼ ਸੰਸਦ, ਉਧਰ ਨੂੰ ਅਸੀਂ ਲੰਗਰ ਚੁੱਕ ਜਹਾਜ਼ ਟੋਰ ਰਹੇ ਹਾਂ ।
ਇੱਥੇ ਮੈਂ ਤੱਕਿਆ ਕਾਲੀ ਰਾਤ ਤੇ ਚਿੱਟੀ ਪ੍ਰਭਾਤ ਦੋਵੇਂ ਇਕ ਵੱਡੇ ਕਮਰੇ ਵਿੱਚ ਇਕੱਠੀਆਂ ਹੋ ਰਹੀਆਂ ਹਨ-ਪਹੁ-ਫੁਟਾਲਾ ਇਥੇ ਪਹਾੜਾਂ ਵਾਂਗ ਨਹੀਂ ਹੁੰਦਾ, ਰਾਤ ਤੇ ਪਹੁ-ਫੁਟਾਲਾ ਦੋ ਭੈਣਾਂ ਵਾਂਗ, ਇਕ ਕਾਲੀ ਤੇ ਇਕ ਗੋਰੀ, ਬਾਹਾਂ ਵਿੱਚ ਬਾਹਾਂ ਪਾਈਆਂ, ਉੱਡਦੀਆਂ ਜਾਂਦੀਆਂ ਇਕੱਠੀਆਂ ਦਿੱਸਦੀਆਂ ਹਨ ।ਕਰਤਾਰ ਦੀ ਰਚਨਾ ਦੇ ਭੇਦ ਨੂੰ ਆਪਣੇ ਕਾਲੇ ਤੇ ਚਿੱਟੇ ਪਰਾਂ ਵਿੱਚ ਫੜਕਾਂਦੀਆਂ ਲੰਘਦੀਆਂ ਹਨ ।ਕਈ ਵਾਰੀ ਤੱਕਿਆ ਚੰਨ ਵਣ ਦੀ ਟਾਹਣੀ ਲਟਕਿਆ ਹੋਇਆ ਹੈ ਤੇ ਸੂਰਜ ਪੂਰਬ ਦੇ ਮੁਨਾਰੇ ਉਪਰੋਂ ਉਹਨੂੰ ਆਪਣੀ ਬਾਂਹ ਲਮਕਾ ਕੇ ਇਕ ਫਸੇ ਹੋਏ ਪਤੰਗ ਵਾਂਗੂੰ ਕੱਢ ਕੇ ਮੁੜ ਉਡਾਂਦਾ ਹੈ ।