ਇਥੇ ਤੱਕਿਆ-ਕਾਂ ਤੇ ਚਿੜੀ ਤੇ ਆਦਮੀ ਤੇ ਘੁੱਗੀ ਬਲਦ ਮਿਲ-ਜੁਲ ਕੇ ਜੀਵਨ ਭੁੜੀ ਕਰ ਰਹੇ ਹਨ-ਦਮ ਚਲ ਰਹੇ ਹਨ, ਦਿਲ ਧੜਕ ਰਹੇ ਹਨ-ਫੰਗ ਫੜਕ ਰਹੇ ਹਨ, ਠਹਿਰਨ ਦਾ ਕੋਈ ਸਮਾਂ ਨਹੀਂ, ਸਭ ਚਲ ਰਹੇ ਹਨ, ਸਭ ਕੰਮ ਕਰ ਰਹੇ ਹਨ। ਮੰਦਾ ਲੱਗਾ ਜਦ ਤੱਕਿਆ ਕਿ ਸੋਹਣੇ ਫੰਙਾਂ ਵਾਲੀ-ਉਹ ਰੂਹਾਨੀ ਦੀਦ ਵਾਲੀ ਘੁੱਗੀ ਵੀ ਚੋਗਾ ਚੁਗਣ ਦੇ ਕੰਮ ਵਿੱਚ ਲੱਗੀ ਹੈ, ਮੈਂ ਇੰਨਾਂ ਸ਼ੋਰੀਲਾ ਜਿਹਾ ਇਥੇ ਵੇਖ-ਵੇਖ ਚੁੱਪ ਹੋ ਗਿਆ-ਇਕ ਘੋੜੇ ਥੀਂ ਬਲਦ ਵਿੱਚ ਬਦਲ ਗਿਆ ਹਾਂ ।
ਮੈਂ ਤੱਕਿਆ ਇਥੇ ਮਿੱਟੀ ਵਿੱਚ ਜਿੰਦ ਹੈ, ਦਮ ਹੈ-ਨਿੱਕੇ ਜਿਹੇ ਬੀਜ ਨੂੰ ਜਿਵੇਂ ਕੁਕੜੀ ਅੰਡੇ ਨੂੰ ਛਾਤੀ ਦੀ ਗਰਮਾਇਸ਼ ਦੇ ਦੇ ਚੂਚਾ ਬਣਾ ਦਿੰਦੀ ਹੈ, ਤਿਵੇਂ ਇਹ ਮਿੱਟੀ ਆਪਣਾ ਦਮ ਫੂਕ-ਫੂਕ ਬੀਜ ਨੂੰ ਜਿੰਦ ਬਖ਼ਸ਼ਦੀ ਹੈ-ਅਜੀਬ ਇਕ ਰੰਗ ਹੈ, ਪਾਣੀ ਇਥੇ ਨਿਰੋਲ ਇਕ ਅਰਦਾਸ ਹੈ ।
ਇਥੇ ਮੈਨੂੰ ਪਤਾ ਲੱਗਾ-ਹਵਾ ਪਾਣੀ-ਮਿੱਟੀ, ਪ੍ਰਕਾਸ਼, ਚੰਨ, ਸੂਰਜ, ਆਦਮੀ, ਜਾਨਵਰ, ਪੰਛੀ ਪਿਆਰ ਦੇ ਬਰੀਕ ਰੇਸ਼ਮੀ ਡੋਰਿਆਂ ਨਾਲ ਇਕ ਜਾਨ ਵਿੱਚ ਬੱਧੇ ਹੋਏ ਹਨ-ਕੁੱਕੜ ਦੀ ਬਾਂਗ ਤੇ ਪ੍ਰਭਾਤ ਦੇ ਬੱਦਲਾਂ ਦੇ ਰੰਗਾਂ ਦੀ ਸੁਹੱਪਣ ਦੀ ਦੋਹਾਂ ਨੂੰ ਕੋਈ ਮਿਲਵੀਂ ਉਕਸਾਹਟ ਹੈ-ਫੁੱਲਾਂ ਦਾ ਖਿੜਨਾ ਤੇ ਸੂਰਜ ਦੇ ਕਿਰਨ ਦਾ ਨਿੱਤ ਨਵੇਂ ਵਿਆਹ ਦੀ ਖ਼ੁਸ਼ੀ ਤੇ ਚਾਅ ਵਿੱਚ ਆਪਣਾ ਇਕ ਜਾਦੂਗਰੀ ਅਚੰਭਾ ਹੈ ।ਕਿਰਨ ਫੁੱਲ ਦੇ ਦਿਲ ਵਿੱਚ ਵੜ ਕੇ ਕੁਝ ਆਖ ਜਾਂਦੀ ਹੈ, ਸਾਰਾ ਦਿਨ ਫੁੱਲ ਆਪਣੀ ਨਿੱਕੀ ਨਿਮਾਣੀ ਕੁੱਲੀ ਵਿੱਚ ਅਨੰਤ ਹੋਇਆ ਆਉਂਦਾ ਹੀ ਨਹੀਂ ।
ਇਥੇ ਆ ਕੇ ਮਹਿਸੂਸ ਕੀਤਾ ਕਿ ਮੈਂ ਕਿਸੇ ਜਾਦੂ ਦੇ ਦੇਸ਼ ਵਿੱਚ ਆ ਵੜਿਆ ਹਾਂ, ਜਿੱਥੇ ਬੱਚੇ ਫੁੱਲ ਹਨ, ਬਿਰਖ ਮਨੁੱਖ ਹਨ ਤੇ ਇਕ ਅਗੰਮੀ ਅਣਦਿੱਸਦੇ ਪਿੱਛੇ ਦੇ ਜਗਤ ਦੇ ਸਾਥੀਆਂ ਦੀਆਂ ਨਵੀਆਂ ਝਰਨਾਹਟਾਂ ਤੇ ਨਵੇਂ ਝਕੋਲਿਆਂ ਤੇ ਬੇਮਲੂਮੀ ਉਕਸਾਹਟਾਂ ਵਿੱਚ ਵੀ ਵਸ ਰਿਹਾ ਹਾਂ-ਤੇ ਧਰਤੀ ਅਕਾਸ਼ ਦੇ ਮਿਲਦੇ ਖ਼ੂਨ ਵਿੱਚ ਇਕ ਮਿੱਤਰਤਾ ਦੀ ਗਰਮਾਇਸ਼ ਹੈ-ਸਾਰੇ ਜਗਤ ਦੀ ਇਕ ਨਬਜ਼ ਹੈ, ਵੱਖਰਾ ਕੁਝ ਨਹੀਂ-ਚੂਚੇ ਦੇ ਦਿਲ ਦੀ ਧੜਕਨ, ਮੇਰੀ ਨਬਜ਼ ਬੱਦਲ ਦੀ, ਨਦੀ ਦੀ, ਬਿਰਖ ਦੀ, ਜਿੱਥੇ ਹੱਥ ਰੱਖਾਂ ਨਬਜ਼ ਜੀਵਨ ਦੀ ਤੁਫੂੰ-ਤੁਫੂੰ ਕਰ ਰਹੀ ਹੈ ।